ਚੰਡੀਗੜ੍ਹ: ਲੋਕ ਸਭਾ ਚੋਣਾਂ ਨੂੰ ਵੇਖਦਿਆਂ ਕੈਪਟਨ ਸਰਕਾਰ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਵਿੱਚ ਜੁੱਟ ਗਈ ਹੈ। ਨਵਾਂ ਸਾਲ ਚੜ੍ਹਦਿਆਂ ਹੀ ਕੈਪਟਨ ਨੇ ਜਿੱਥੇ ਸੂਬੇ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ 1.2 ਲੱਖ ਅਸਾਮੀਆਂ ਭਰਨ ਦਾ ਐਲਾਨ ਕੀਤਾ, ਇਸ ਦੇ ਨਾਲ ਹੀ ਨੌਜਵਾਨਾਂ ਨੂੰ ਮੁਫ਼ਤ ਸਮਾਰਟਫੋਨ ਦੇਣ ਦੀ ਵੀ ਤਿਆਰੀ ਕਰ ਦਿੱਤੀ ਹੈ। ਕੈਪਟਨ ਨੇ ਚੋਣਾਂ ਵੇਲੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਸੀ ਪਰ ਦੋ ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰ ਚੁੱਪ ਹੈ।


ਹੁਣ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਸਰਕਾਰ ਨੇ ਨੌਜਵਾਨਾਂ ਨੂੰ ਖੁਸ਼ ਕਰਨ ਦੀ ਕਵਾਇਦ ਵਿੱਢੀ ਹੈ। ਚਰਚਾ ਹੈ ਕਿ ਅੱਜ ਹੋ ਰਹੀ ਕੈਬਨਿਟ ਮੀਟਿੰਗ ਵਿੱਚ ਫੋਨ ਖਰੀਦਣ ਦੇ ਫੈਸਲੇ ’ਤੇ ਮੋਹਰ ਲੱਗ ਸਕਦੀ ਹੈ। ਸੂਤਰਾਂ ਮੁਤਾਬਕ ਸਰਕਾਰ ਨੇ ਸਮਾਰਟਫੋਨ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨੇ ਨੌਜਵਾਨਾਂ ਨੂੰ ਮੁਫ਼ਤ ਸਮਾਰਟਫੋਨ ਦੇਣ ਲਈ ਇਸ ਸਾਲ ਦੇ ਬਜਟ ਵਿੱਚ ਦਸ ਕਰੋੜ ਰੁਪਏ ਦੀ ਵਿਵਸਥਾ ਕੀਤੀ ਹੋਈ ਹੈ। ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲੇ ਪੜਾਅ ਵਾਸਤੇ ਚਾਲੀ ਹਜ਼ਾਰ ਫੋਨ ਦਿੱਤੇ ਜਾਣਗੇ।

ਇਹ ਵੀ ਪਤਾ ਲੱਗਾ ਹੈ ਕਿ ਸਮਾਰਟਫੋਨ ਦੇਣ ਵਾਸਤੇ ਰਾਜ ਸਰਕਾਰ ਨੇ 18 ਤੋਂ 35 ਸਾਲ ਉਮਰ ਦੇ ਨੌਜਵਾਨਾਂ ਦੀ ਪਛਾਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਲਾਭਪਾਤਰੀ ਨੌਜਵਾਨ ਦੇ ਪਰਿਵਾਰ ਦੀ ਆਮਦਨ ਦੀ ਹੱਦ ਛੇ ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਭਰਮਾਉਣ ਲਈ ਕਾਂਗਰਸ ਪਾਰਟੀ ਨੇ ਘਰ ਘਰ ਰੋਜ਼ਗਾਰ ਤੇ ਸਮਾਰਟ ਫੋਨ ਦੇਣ ਦੇ ਮੁੱਦੇ ਨੂੰ ਵੱਡੇ ਪੱਧਰ ’ਤੇ ਉਭਾਰਿਆ ਸੀ।

ਫੋਨ ਦੇਣ ਲਈ ਨੌਜਵਾਨਾਂ ਦੇ ਨਾਂ ਤੇ ਪਤੇ ਵੀ ਨੋਟ ਕੀਤੇ ਗਏ ਸਨ ਤੇ ਅਜਿਹਾ ਪ੍ਰਭਾਵ ਦਿੱਤਾ ਸੀ ਕਿ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਸੱਤਾ ਸੰਭਾਲਦੇ ਸਾਰ ਹੀ ਨੌਜਵਾਨਾਂ ਨੂੰ ਸਮਾਰਟ ਫੋਨ ਮਿਲ ਜਾਣਗੇ। ਸੂਬੇ ਦੇ ਨੌਜਵਾਨ ਫੋਨ ਉਡੀਕਦੇ ਹਨ ਪਰ ਫੋਨ ਮਿਲਣ ਦੀ ਉਡੀਕ ਹੋਰ ਲੰਮੀ ਹੁੰਦੀ ਜਾ ਰਹੀ ਹੈ। ਹੁਣ ਵੀ ਪਹਿਲੇ ਪੜਾਅ ਵਿਚ ਕੇਵਲ ਚਾਲੀ ਹਜ਼ਾਰ ਹੀ ਫੋਨ ਦਿਤੇ ਜਾਣੇ ਹਨ ਤੇ ਬਾਕੀ ਨੌਜਵਾਨਾਂ ਨੂੰ ਹੋਰ ਉਡੀਕ ਕਰਨੀ ਪਵੇਗੀ।