ਮੋਗਾ: ਪੰਜਾਬ, ਹਰਿਆਣਾ ਤੇ ਦਿੱਲੀ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਠੰਢ ਦਾ ਕਹਿਰ ਬਣਿਆ ਹੋਇਆ ਹੈ। ਪਹਾੜਾਂ ’ਤੇ ਬਰਫ਼ਬਾਰੀ ਹੋਣ ਕਰਕੇ ਮੈਦਾਨੀ ਇਲਾਕਿਆਂ ਵਿੱਚ ਕੰਬਣੀਆਂ ਛਿੜ ਰਹੀਆਂ ਹਨ। ਬੀਤੀ ਦੇਰ ਰਾਤ ਮੋਗਾ ਵਿੱਚ ਠੰਡ ਦੀ ਮਾਰ ਨਾ ਝੱਲਦਿਆਂ ਹੋਇਆਂ ਇੱਕ ਮਜ਼ਦੂਰ ਦੀ ਮੌਤ ਹੋ ਗਈ। ਮੁਕਤਸਰ ਵਿੱਚ ਵੀ ਧੁੰਦ ਦਾ ਗੁਬਾਰ ਛਾਇਆ ਹੋਇਆ ਹੈ। ਜਿਸ ਕਰਕੇ ਆਵਾਜਾਈ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 50 ਸਾਲਾ ਵਿਅਕਤੀ ਕਾਫੀ ਲੰਮੇ ਸਮੇਂ ਤੋਂ ਇੰਡੋ-ਕੈਨੇਡੀਅਨ ਬੱਸਾਂ ’ਤੇ ਆਉਣ ਵਾਲੇ ਮੁਸਾਫ਼ਰਾਂ ਦਾ ਸਾਮਾਨ ਢੋਹ ਕੇ ਆਪਣਾ ਗੁਜ਼ਾਰਾ ਕਰਦਾ ਸੀ। ਬੀਤੀ ਰਾਤ ਉਹ ਦੁਕਾਨਾਂ ਦੇ ਸਾਹਮਣੇ ਸੁੱਤਾ ਹੋਇਆ ਸੀ ਪਰ ਠੰਡ ਦੀ ਮਾਰ ਨਾ ਝੱਲਦਿਆਂ ਹੋਈ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਸ਼ਨਾਖਤ ਲਈ ਮੋਗਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ।