ਲੁਧਿਆਣਾ: ਸਿੱਖ ਕਤਲੇਆਮ ਦੇ ਰੋਸ ਵਿੱਚ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਮਲਣ ਵਾਲੇ ਯੂਥ ਅਕਾਲੀ ਲੀਡਰ ਗੁਰਦੀਪ ਸਿੰਘ ਗੋਸ਼ਾ ਦੀ ਸੋਨੀਆ ਗਾਂਧੀ ਨੂੰ ਸਨਮਾਨਿਤ ਕਰਨ ਦੀ ਤਸਵੀਰ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਹ ਤਸਵੀਰ ਅੱਜਕਲ੍ਹ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਵਾਲ ਉੱਠ ਰਹੇ ਹਨ ਕਿ ਅਕਾਲੀ ਲੀਡਰ ਸਿਰਫ ਸਿਆਸਤ ਕਰਨ ਲਈ ਹੀ ਅਜਿਹੀਆਂ ਕਾਰਵਾਈਆਂ ਕਰ ਹਨ।


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਸਬੰਧੀ ਸ਼ਨਿਚਰਵਾਰ ਨੂੰ ਲੁਧਿਆਣਾ ਆਉਣਾ ਸੀ, ਪਰ ਤਸਵੀਰ ਵਾਇਰਲ ਹੋਣ ਮਗਰੋਂ ਸੁਖਬੀਰ ਨੇ ਆਪਣਾ ਇਹ ਪ੍ਰੋਗਰਾਮ ਰੱਦ ਕਰ ਦਿੱਤਾ। ਕਾਲਖ਼ ਮਲਣ ਵਾਲੇ ਦੋਵੇਂ ਆਗੂ ਨਿਆਂਇਕ ਹਿਰਾਸਤ ਵਿੱਚ ਹਨ। ਉਨ੍ਹਾਂ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 1 ਜਨਵਰੀ ਨੂੰ ਹੈ।

ਯਾਦ ਰਹੇ ਕੁਝ ਦਿਨ ਪਹਿਲਾਂ ਯੂਥ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਆਪਣੇ ਸਾਥੀਆਂ ਨਾਲ ਲੁਧਿਆਣਾ ਵਿੱਚ ਸਲੇਮ ਟਾਬਰੀ ਸਥਿਤ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ’ਤੇ 25 ਦਸੰਬਰ ਨੂੰ ਕਾਲਖ਼ ਮਲੀ ਸੀ। ਇਸ ਮਗਰੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਇਹ ਸਿੱਖਾਂ ਦੇ ਰੋਸ ਦਾ ਪ੍ਰਗਟਾਵਾ ਹੈ। ਹੁਣ ਅਕਾਲੀ ਲੀਡਲ ਗੋਸ਼ਾ ਦੀ ਕਾਂਗਰਸ ਆਗੂ ਸੋਨੀਆ ਗਾਂਧੀ ਨੂੰ ਸਨਮਾਨਿਤ ਕਰਨ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਕਰਕੇ ਅਕਾਲੀ ਦਲ ਵੀ ਕਸੂਤਾ ਫਸਿਆ ਨਜ਼ਰ ਆ ਰਿਹਾ ਹੈ।

ਗੋਸ਼ਾ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੀ ਪੰਜਾਬ (ਯੂਥ) ਇਕਾਈ ਦਾ ਪ੍ਰਧਾਨ ਸੀ। ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨਾਲ ਨੇੜਤਾ ਹੋਣ ਕਰਕੇ ਉਹ ਅਕਸਰ ਦਿੱਲੀ ’ਚ ਹੁੰਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਂਦਾ ਸੀ। 2011 ਵਿੱਚ ਉਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦਿੱਲੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਜਥੇਦਾਰ ਅਵਤਾਰ ਸਿੰਘ ਮੱਕੜ ਖ਼ਿਲਾਫ਼ ਲੜੀ ਸੀ।

ਯੂਪੀਏ ਸਰਕਾਰ ਵੱਲੋਂ ਅਨੰਦ ਮੈਰਿਜ ਐਕਟ ਬਣਾਉਣ ਦੇ ਫ਼ੈਸਲੇ ਤੋਂ ਬਾਅਦ ਸਰਨਾ ਭਰਾਵਾਂ ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਸਨਮਾਨਿਤ ਕੀਤਾ ਸੀ। ਉਸ ਮੌਕੇ ਗੋਸ਼ਾ ਵੀ ਲੁਧਿਆਣਾ ਦੇ ਕੁਝ ਹੋਰ ਆਗੂਆਂ ਨਾਲ ਹਾਜ਼ਰ ਸੀ। ਵਾਇਰਲ ਹੋਈ ਤਸਵੀਰ ਵਿੱਚ ਗੋਸ਼ਾ ਹਰਵਿੰਦਰ ਸਿੰਘ ਸਰਨਾ ਨਾਲ ਦਿਖਾਈ ਦੇ ਰਿਹਾ ਹੈ। ਇਹ ਤਸਵੀਰ ਪੰਥਕ ਹਲਕਿਆਂ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।