ਲੁਧਿਆਣਾ: ਹਨੂੰਮਾਨ ਚਾਲੀਸਾ ਦੀ ਤਰਜ਼ 'ਤੇ ਟਵੀਟ ਕਰ ਕੇ ਸਿਆਸੀ ਨਿਸ਼ਾਨੇ ਲਾਉਣ ਵਾਲੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਘਟਣ ਦਾ ਨਾਂਅ ਨਹੀਂ ਲੈ ਰਹੀਆਂ। ਭਾਜਪਾ ਯੁਵਾ ਮੋਰਚਾ ਪੰਜਾਬ ਦੇ ਕਾਰਜਕਾਰਨੀ ਮੈਂਬਰ ਹਿਮਾਂਸ਼ੂ ਜਿੰਦਲ ਨੇ ਪੁਲਿਸ ਨੂੰ ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਸ਼ਿਕਾਇਤ ਦੇ ਕੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।



ਆਪਣੀ ਸ਼ਿਕਾਇਤ ਵਿੱਚ ਹਿਮਾਂਸ਼ੂ ਜਿੰਦਲ ਨੇ ਦੋਸ਼ ਲਾਇਆ ਹੈ ਕਿ ਰਾਜਾ ਵੜਿੰਗ ਨੇ 23 ਦਸੰਬਰ ਨੂੰ ਹਨੂੰਮਾਨ ਚਾਲੀਸਾ ਦੀਆਂ ਕੁਝ ਸਤਰਾਂ ਨਾਲ ਛੇੜਛਾੜ ਕਰਕੇ ਟਵੀਟ ਕੀਤਾ ਸੀ ਤੇ ਭਗਵਾਨ ਹਨੂੰਮਾਨ ’ਤੇ ਵਿਅੰਗ ਕੀਤਾ ਸੀ। ਉਨ੍ਹਾਂ ਕਿਹਾ ਕਿ ਵਿਧਾਇਕ ਦੀ ਇਸ ਕਾਰਵਾਈ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਮੰਗ ਕੀਤੀ ਕਿ ਵਿਧਾਇਕ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।


ਹਾਲਾਂਕਿ, ਰਾਜਾ ਵੜਿੰਗ ਨੇ ਵਿਵਾਦਿਤ ਟਵੀਟ ਤੋਂ ਬਾਅਦ ਸਪੱਸ਼ਟੀਕਰਨ ਵੀ ਦਿੱਤਾ ਤੇ ਫਿਰ ਲੰਮੀ ਵੀਡੀਓ ਰਾਹੀਂ ਮੁਆਫ਼ੀ ਵੀ ਮੰਗੀ। ਵੜਿੰਗ ਖ਼ੁਦ ਨੂੰ ਹਨੂੰਮਾਨ ਭਗਤ ਦੱਸਦੇ ਹਨ ਤੇ ਕਹਿੰਦੇ ਹਨ ਕਿ ਉਨ੍ਹਾਂ ਦੇ ਟਵੀਟ ਦਾ ਗ਼ਲਤ ਮਤਲਬ ਕੱਢ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਹੈ।