ਚੰਡੀਗੜ੍ਹ: ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਸ਼੍ਰੋਮਣੀ ਅਕਾਲੀ ਦਲ (ਬ) ਨਾਲੋਂ ਤੋੜ-ਵਿਛੋੜਾ ਤੈਅ ਹੈ। ਢੀਂਡਸਾ ਦੇ ਬੇਬਾਕ ਖੁਲਾਸਿਆਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜਿਸ ਤਰੀਕੇ ਨਾਲ ਆਪਣੀ ਪੂਰੀ ਫੌਜ ਉਨ੍ਹਾਂ ਖਿਲਾਫ ਉਤਾਰ ਦਿੱਤੀ ਹੈ, ਉਸ ਤੋਂ ਤੈਅ ਹੈ ਕਿ ਢੀਂਡਸਾ ਨੂੰ ਹੁਣ ਕੋਈ ਪਾਸਾ ਕਰਨਾ ਹੀ ਪਵੇਗਾ।
ਦਰਅਸਲ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਬਲਕਿ ਬਾਦਲ ਪਰਿਵਾਰ ਦਾ ਵਿਰੋਧ ਕਰ ਰਹੇ ਹਨ। ਉਧਰ, ਬਾਦਲ ਪਰਿਵਾਰ ਨੇ ਵੀ ਢੀਂਡਸਾ ਦੀ ਰਣਨੀਤੀ ਆਪਣਾਉਂਦਿਆਂ ਖੁਦ ਵਾਰ ਕਰਨ ਦੀ ਬਜਾਏ ਅਕਾਲੀ ਲੀਡਰਾਂ ਨੂੰ ਹੀ ਉਨ੍ਹਾਂ ਦੇ ਖਿਲਾਫ ਕੀਤਾ ਹੈ। ਢੀਂਡਸਾ ਨੂੰ ਉਨ੍ਹਾਂ ਦੇ ਜੱਦੀ ਜ਼ਿਲ੍ਹਿਆਂ ਵਿੱਚ ਘੇਰਨ ਦੀ ਰਣਨੀਤੀ ਤਹਿਤ ਅਕਾਲੀ ਲੀਡਰਸ਼ਿਪ ਨੇ ਵੱਡਾ ਪੱਤਾ ਖੇਡਿਆ। ਇੱਥੇ ਵੀਰਵਾਰ ਨੂੰ ਦੋਵਾਂ ਜ਼ਿਲ੍ਹਿਆਂ ਦੀ ਸੀਨੀਅਰ ਲੀਡਰਸ਼ਿਪ ਨੇ ਢੀਂਡਸਾ ਖ਼ਿਲਾਫ਼ ਤਿੱਖੇ ਸ਼ਬਦੀ ਹਮਲੇ ਕੀਤੇ।
ਦਿਲਚਸਪ ਹੈ ਕਿ ਢੀਂਡਸ ਵੱਲੋਂ ਵਰਕਰਾਂ ਦਾ ਇਕੱਠ ਕਰਨ ਤੋਂ ਇੱਕ ਦਿਨ ਹੀ ਬਾਅਦ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਨਾਲ ਸਬੰਧਤ ਹਲਕਾ ਇੰਚਾਰਜਾਂ, ਜ਼ਿਲ੍ਹਾ ਪ੍ਰਧਾਨਾਂ, ਸਰਕਲ ਪ੍ਰਧਾਨਾਂ ਤੇ ਐਸਜੀਪੀਸੀ ਮੈਂਬਰਾਂ ਦੀ ਸਿਆਸੀ ਪਰੇਡ ਕਰਵਾ ਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ’ਚ ਭਰੋਸਾ ਪ੍ਰਗਟਾਇਆ ਗਿਆ। ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਤਿੰਨ ਮੈਂਬਰਾਂ ਤੇ ਇੱਕ ਸਰਕਲ ਪ੍ਰਧਾਨ ਨੂੰ ਛੱਡ ਕੇ ਦੋਵੇਂ ਜ਼ਿਲ੍ਹਿਆਂ ਦੇ ਐਸਜੀਪੀਸੀ ਮੈਂਬਰ, ਸਾਰੇ ਹਲਕਾ ਇੰਚਾਰਜ ਤੇ ਸਰਕਲ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ ਹਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਢੀਂਡਸਾ ਖ਼ਿਲਾਫ਼ ਤਿੱਖੀ ਸੁਰ ਵਿੱਚ ਸਿਆਸੀ ਹਮਲੇ ਕੀਤੇ। ਅਕਾਲੀ ਲੀਡਰਾਂ ਨੇ ਦਾਅਵਾ ਕੀਤਾ ਕਿ ਸੁਖਦੇਵ ਸਿੰਘ ਢੀਂਡਸਾ ਪਾਰਟੀ ਦੇ ਮੁੱਢਲੇ ਮੈਂਬਰ ਨਹੀਂ ਹਨ ਕਿਉਂਕਿ ਉਨ੍ਹਾਂ ਨੇ ਭਰਤੀ ਮੁਹਿੰਮ ਦੌਰਾਨ 10 ਰੁਪਏ ਮੈਂਬਰਸ਼ਿਪ ਫੀਸ ਨਹੀਂ ਭਰੀ।
ਝੂੰਦਾਂ ਨੇ ਦੋਸ਼ ਲਾਇਆ ਕਿ ਢੀਂਡਸਾ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੁਰਾਣੀ ਯਾਰੀ ਹੈ ਤੇ ਉਨ੍ਹਾਂ ਦੀ ਸ਼ਹਿ ’ਤੇ ਹੀ ਢੀਂਡਸਾ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਂਦੇ ਰਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਢੀਂਡਸਾ ਵੱਲੋਂ ਬੁਲਾਈ ਮੀਟਿੰਗ ’ਚ ਕਾਂਗਰਸੀ ਤੇ ਹੋਰ ਪਾਰਟੀਆਂ ਦੇ ਵਰਕਰ ਸ਼ਾਮਲ ਸਨ ਤੇ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ। ਅਕਾਲੀ ਲੀਡਰਾਂ ਦੇ ਇਹ ਹਮਲੇ ਸਪਸ਼ਟ ਸੰਕੇਤ ਦੇ ਗਏ ਹਨ ਕਿ ਢੀਂਡਸਾ ਲਈ ਹੁਣ ਅਕਾਲੀ ਦਲ ਵਿੱਚ ਕੋਈ ਥਾਂ ਨਹੀਂ।
ਸੁਖਬੀਰ ਬਾਦਲ ਦਾ ਵੱਡਾ ਦਾਅ, ਹੁਣ ਢੀਂਡਸਾ ਲਈ ਨਹੀਂ ਅਕਾਲੀ ਦਲ 'ਚ ਕੋਈ ਥਾਂ!
ਏਬੀਪੀ ਸਾਂਝਾ
Updated at:
20 Dec 2019 04:55 PM (IST)
ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਸ਼੍ਰੋਮਣੀ ਅਕਾਲੀ ਦਲ (ਬ) ਨਾਲੋਂ ਤੋੜ-ਵਿਛੋੜਾ ਤੈਅ ਹੈ। ਢੀਂਡਸਾ ਦੇ ਬੇਬਾਕ ਖੁਲਾਸਿਆਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜਿਸ ਤਰੀਕੇ ਨਾਲ ਆਪਣੀ ਪੂਰੀ ਫੌਜ ਉਨ੍ਹਾਂ ਖਿਲਾਫ ਉਤਾਰ ਦਿੱਤੀ ਹੈ, ਉਸ ਤੋਂ ਤੈਅ ਹੈ ਕਿ ਢੀਂਡਸਾ ਨੂੰ ਹੁਣ ਕੋਈ ਪਾਸਾ ਕਰਨਾ ਹੀ ਪਵੇਗਾ।
- - - - - - - - - Advertisement - - - - - - - - -