ਕਾਂਗਰਸੀ ਉਮੀਦਵਾਰਾਂ ਦੇ ਐਲਾਨ ਮਗਰੋਂ ਹੁਣ ਅਕਾਲੀ ਦਲ ਖੋਲ੍ਹੇਗਾ ਆਪਣੇ ਪੱਤੇ
ਏਬੀਪੀ ਸਾਂਝਾ | 04 Apr 2019 01:51 PM (IST)
ਚੰਡੀਗੜ੍ਹ: ਕਾਂਗਰਸ ਦੇ ਛੇ ਉਮੀਦਵਾਰਾਂ ਦੇ ਐਲਾਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਵੀ ਵੀ ਆਪਣੇ ਅਗਲੇ ਪੱਤੇ ਖੋਲ੍ਹਣ ਲਈ ਤਿਆਰ ਹੈ। ਅਕਾਲੀ ਦਲ ਨੇ ਹੁਣ ਤੱਕ ਪੰਜ ਹਲਕਿਆਂ ਤੋਂ ਉਮੀਦਵਾਰ ਐਲਾਨੇ ਹਨ। ਉਮੀਦ ਹੈ ਅਗਲੇ ਹਫਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਬਾਕੀ ਉਮੀਦਵਾਰ ਐਲਾਨ ਦਿੱਤੇ ਜਾਣਗੇ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਪਸ਼ਟ ਕੀਤਾ ਹੈ ਕਿ ਬਾਕੀ ਉਮੀਦਵਾਰਾਂ ਦਾ ਐਲਾਨ ਹਫਤੇ ਵਿੱਚ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਹੈ ਤੇ ਬਾਕੀ ਉਮੀਦਵਾਰਾਂ ਦਾ ਫੈਸਲਾ ਹਫਤੇ ਵਿੱਚ ਹੋ ਜਾਣਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਤੇ ਫਿਰੋਜ਼ਪੁਰ ਹਲਕੇ ਤੋਂ ਕੌਣ ਚੋਣ ਲੜੇਗਾ, ਇਸ ਦਾ ਫੈਸਲਾ ਵੀ ਪਾਰਟੀ ਦੇ ਕੋਰ ਕਮੇਟੀ ਨੇ ਕਰਨਾ ਹੈ। ਯਾਦ ਰਹੇ ਅਕਾਲੀ ਨੇ ਹੁਣ ਤੱਖ ਬੀਬੀ ਜਗੀਰ ਕੌਰ ਨੂੰ ਹਲਕਾ ਖਡੂਰ ਸਾਹਿਬ, ਚਰਨਜੀਤ ਸਿੰਘ ਅਟਵਾਲ ਨੂੰ ਜਲੰਧਰ (ਰਾਖਵਾਂ), ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ੍ਰੀ ਅਨੰਦਪੁਰ ਸਾਹਿਬ, ਸੁਰਜੀਤ ਸਿੰਘ ਰੱਖੜਾ ਨੂੰ ਪਟਿਆਲਾ ਤੇ ਦਰਬਾਰਾ ਸਿੰਘ ਗੁਰੂ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਉਮੀਦਵਾਰ ਐਲਾਨਿਆ ਹੈ। ਸ਼੍ਰੋਮਣੀ ਅਕਾਲੀ ਦਲ ਕੋਲ ਪੰਜਾਬ ਦੀਆਂ 10 ਸੀਟਾਂ ਹਨ। ਤਿੰਨ ਸੀਟਾਂ ਭਾਈਵਾਲ ਬੀਜੇਪੀ ਕੋਲ ਹਨ। ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਤੇ ਫਿਰੋਜ਼ੁਪਰ ਤੋਂ ਸੁਖਬੀਰ ਬਾਦਲ ਦੇ ਚੋਣ ਲੜਨ ਬਾਰੇ ਚਰਚੇ ਹਨ। ਸੰਸਗੂਰ ਤੋਂ ਪਰਮਿੰਦਰ ਢੀਂਡਸਾ ਨੂੰ ਮੈਦਾਨ ਵਿੱਚ ਉਤਾਰਣ ਦੇ ਚਰਚੇ ਹਨ। ਇਸ ਤੋਂ ਇਲਾਵਾ ਲੁਧਿਆਣਾ ਤੇ ਫਰੀਦਕੋਟ ਤੋਂ ਅਕਾਲੀ ਦਲ ਤਕੜੇ ਉਮੀਦਵਾਰ ਉਤਾਰਣਾ ਚਾਹੁੰਦਾ ਹੈ ਜਿਹੜੇ ਕਾਂਗਰਸ ਨੂੰ ਟੱਕਰ ਦੇ ਸਕਣ।