Punjab News: ਨਾਇਬ ਤਹਿਸੀਲਦਾਰਾਂ ਦੀ ਭਰਤੀ ਦੌਰਾਨ ਹੋਏ ਘੁਟਾਲੇ ਮਗਰੋਂ ਭਗਵੰਤ ਮਾਨ ਸਰਕਾਰ ਚੌਕਸ ਹੋ ਗਈ ਹੈ। ਪੰਜਾਬ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਅੱਗੇ ਤੋਂ ਕਿਸੇ ਵੀ ਭਰਤੀ ਵੇਲੇ ਕੋਈ ਕੁਤਾਹੀ ਨਾ ਹੋਵੇ। ਇਸ ਲਈ ਪੂਰੀ ਸਖਤੀ ਵਰਤੀ ਜਾਵੇ। ਸਰਕਾਰ ਦੇ ਆਦੇਸ਼ਾਂ ਮੁਤਾਬਕ ਅਫਸਰਸ਼ਾਹੀ ਵੱਡੇ ਕਦਮ ਚੁੱਕਣ ਜਾ ਰਹੀ ਹੈ। ਇਸ ਤਹਿਤ ਸਰਕਾਰੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਦੌਰਾਨ ਪ੍ਰੀਖਿਆ ਕੇਂਦਰਾਂ ਵਿੱਚ ਜੈਮਰ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ।


ਦੱਸ ਦਈਏ ਕਿ ਪਟਿਆਲਾ ’ਚ ਨਾਇਬ ਤਹਿਸੀਲਦਾਰਾਂ ਦੀ ਭਰਤੀ ਦੌਰਾਨ ਆਧੁਨਿਕ ਤਕਨੀਕ ਨਾਲ ਨਕਲ ਮਾਰਨ ਦੀ ਘਟਨਾ ਮਗਰੋਂ ਸਰਕਾਰ ਕਸੂਤੀ ਘਿਰ ਗਈ ਹੈ। ਇਸ ਮਗਰੋਂ ਪੰਜਾਬ ਸਰਕਾਰ ਨੇ ਸਖਤੀ ਦੇ ਆਦੇਸ਼ ਦਿੱਤੇ ਹਨ। ਸੂਤਰਾਂ ਮੁਤਾਬਕ ਸਰਕਾਰ ਵੱਲੋਂ ਹੁਣ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਦੌਰਾਨ ਪ੍ਰੀਖਿਆ ਕੇਂਦਰਾਂ ਵਿੱਚ ਜੈਮਰ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ।


ਹਾਸਲ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਵੀਕੇ ਜੰਜੂਆ ਵੱਲੋਂ ਅਜਿਹੀਆਂ ਪ੍ਰੀਖਿਆਵਾਂ ਕਰਵਾਉਣ ਵਾਲੇ ਵਿਭਾਗਾਂ ਸਣੇ ਹੋਰ ਪ੍ਰਮੁੱਖ ਅਧਿਕਾਰੀਆਂ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ ਕਿ ਭਵਿੱਖ ’ਚ ਕਿਸੇ ਵੀ ਵਿਭਾਗ ’ਚ ਹੋਣ ਵਾਲੀ ਭਰਤੀ ਪ੍ਰੀਖਿਆ ਜੈਮਰਾਂ ਦੇ ਸਾਏ ਹੇਠ ਹੋਵੇਗੀ।


ਦੱਸ ਦਈਏ ਕਿ 22 ਮਈ ਨੂੰ ‘ਆਪ’ ਸਰਕਾਰ ਵੱਲੋਂ 78 ਨਾਇਬ ਤਹਿਸੀਲਦਾਰਾਂ ਦੀ ਭਰਤੀ ਵਾਸਤੇ ਲਈ ਗਈ ਪ੍ਰੀਖਿਆ ਦੌਰਾਨ ਆਧੁਨਿਕ ਤਕਨੀਕ ਰਾਹੀਂ ਨਕਲ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ ਕਾਂਗਰਸ ਆਗੂ ਸੁਖਪਾਲ ਖਹਿਰਾ ਨੇ ਜਾਂਚ ਦੀ ਮੰਗ ਕਰਦਿਆਂ ਤਰਕ ਦਿੱਤਾ ਸੀ ਕਿ ਇਸ ਪ੍ਰੀਖਿਆ ਵਿੱਚ ਕੁਝ ਉਹ ਉਮੀਦਵਾਰ ਵੀ ਚੰਗੇ ਰੈਂਕ ਲੈ ਕੇ ਪਾਸ ਹੋਏ ਹਨ, ਜੋ ਪਹਿਲਾਂ ਹੇਠਲੀਆਂ ਅਸਾਮੀਆਂ ਲਈ ਹੋਏ ਇਮਤਿਹਾਨਾਂ ’ਚ ਫੇਲ੍ਹ ਹੋ ਗਏ ਸਨ।


ਇਹ ਵੀ ਪੜ੍ਹੋ: Viral Video: ਵਾਹਨ ਨੂੰ ਆਉਂਦੇ ਦੇਖ ਛੋਟੀ ਬੱਚੀ ਨੇ ਬੱਚਿਆਂ ਨੂੰ ਇਸ ਤਰ੍ਹਾਂ ਹਾਦਸੇ ਤੋਂ ਬਚਾਇਆ! ਦੇਖੋ ਵੀਡੀਓ


ਪੁਲਿਸ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਸੀ ਕਿ ਨਕਲ ਕਰਵਾਉਣ ਵਾਲੇ ਗਰੋਹ ਦੇ ਕੁਝ ਮੈਂਬਰ ਬਾਕਾਇਦਾ ਫਾਰਮ ਭਰ ਕੇ ਇਮਤਿਹਾਨ ਵਿੱਚ ਬੈਠੇ ਸਨ, ਜਿਨ੍ਹਾਂ ਲੁਕੋਏ ਹੋਏ ਕੈਮਰਿਆਂ ਰਾਹੀਂ ਪੇਪਰ ਦੀਆਂ ਤਸਵੀਰਾਂ ਖਿੱਚ ਕੇ ਆਪਣੇ ਸਾਥੀਆਂ ਤੱਕ ਭੇਜੀਆਂ ਸਨ। ਇਸ ਮਗਰੋਂ ਕੰਟਰੋਲ ਰੂਮ ਵਿੱਚ ਬਿਠਾਏ ਮਾਹਿਰਾਂ ਤੋਂ ਉੱਤਰ ਲਿਖਵਾ ਕੇ ਗਾਹਕ ਉਮੀਦਵਾਰਾਂ ਤੱਕ ਪਹੁੰਚਾਏ ਗਏ ਸਨ।