Farmers Protest: ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਨੇ ਪੰਜਾਬ ਅੰਦਰ 19 ਟੌਲ ਪਲਾਜ਼ੇ ਫਰੀ ਕਰ ਦਿੱਤੇ ਹਨ। ਕਿਸਾਨਾਂ ਦੀ ਇਸ ਕਾਰਵਾਈ ਮਗਰੋਂ ਪੰਜਾਬ ਸਰਕਾਰ ਹਰਕਤ ਵਿੱਚ ਆ ਗਈ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰਾਂ ਨੂੰ 28 ਦਸੰਬਰ ਲਈ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ। ਦੂਜੇ ਪਾਸੇ ਹਾਲੇ ਤੱਕ ਜਥੇਬੰਦੀ ਵੱਲੋਂ ਇਸ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਗਿਆ। ਉਂਝ ਜਥੇਬੰਦੀ ਦੇ ਲੀਡਰਾਂ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਮੀਟਿੰਗ ਸਬੰਧੀ ਫ਼ੈਸਲੇ ਬਾਰੇ ਜਥੇਬੰਦੀ ਵੱਲੋਂ ਵਿਚਾਰ ਕੀਤੀ ਜਾਵੇਗੀ।


ਦੱਸ ਦਈਏ ਕਿ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਨੇ ਪੰਜਾਬ ਦੇ 19 ਟੌਲ ਪਲਾਜ਼ਿਆਂ ਦਾ ਵੀਰਵਾਰ ਤੋਂ ਮਹੀਨੇ ਭਰ ਲਈ ਘਿਰਾਓ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੇ ਟੌਲ ਨਾਕਿਆਂ ’ਤੇ ਨਾਕਾਬੰਦੀ ਕਰ ਕੇ ਵਾਹਨਾਂ ਤੋਂ ਵਸੂਲੀ ਬੰਦ ਕਰਾ ਦਿੱਤੀ ਹੈ। ਸੰਘਰਸ਼ ਕਮੇਟੀ ਵੱਲੋਂ 15 ਜਨਵਰੀ ਤੱਕ ਨਾਕਾਬੰਦੀ ਕਰਨ ਦਾ ਐਲਾਨ ਕੀਤਾ ਗਿਆ ਹੈ। ਸੰਘਰਸ਼ ਕਰ ਰਹੇ ਕਿਸਾਨਾਂ ਨੇ ਸੂਬਾ ਤੇ ਕੇਂਦਰ ਸਰਕਾਰਾਂ ਤੋਂ ਸਾਰੇ ਟੌਲ ਪਲਾਜ਼ੇ ਬੰਦ ਕੀਤੇ ਜਾਣ ਦੀ ਮੰਗ ਵੀ ਕੀਤੀ ਹੈ।


ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਲੋਕਾਂ ਦੀ ਲੁੱਟ ਕਰਨ ਦੀ ਖੁੱਲ੍ਹ ਦੇਣ ਵਾਲੀਆਂ ਕੇਂਦਰ ਤੇ ਪੰਜਾਬ ਸਰਕਾਰਾਂ ਵਿਰੁੱਧ ਕੀਤੇ ਐਲਾਨ ਮੁਤਾਬਕ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ 19 ਟੌਲ ਪਲਾਜ਼ੇ ਪਰਚੀ ਮੁਕਤ ਕਰਵਾਏ ਗਏ ਹਨ, ਜਿਨ੍ਹਾਂ ਵਿਚ ਮਾਨਾਂਵਾਲਾ, ਕੱਥੂਨੰਗਲ, ਛਿੱਡਣ ਅਟਾਰੀ, ਮੰਨਣ, ਸ਼ੇਰੋਂ, ਫ਼ਿਰੋਜ਼ਸ਼ਾਹ, ਗਿੱਦੜਪਿੰਡੀ, ਮੁਕੇਰੀਆਂ, ਚੌਲਾਂਗ, ਮਾਨਸਰ, ਗੜ੍ਹਦੀਵਾਲਾ, ਚੱਬੇਵਾਲ, ਥੇਹ ਕਲੰਧਰ, ਮਾਹਮੂਜੋਈਆਂ, ਸਿੰਘਾਂ ਵਾਲਾ, ਕਾਂਵਾਂ ਵਾਲਾ ਪੱਤਣ, ਢਿੱਲਵਾਂ ਤੇ ਲਾਟਪਲਾਵਾ ਦੀਨਾਨਗਰ ਆਦਿ ਟੌਲ ਪਲਾਜ਼ੇ ਸ਼ਾਮਲ ਹਨ।


ਇਹ ਵੀ ਪੜ੍ਹੋ: ਪਿਆਰ ਅੰਨਾ ਹੁੰਦੈ...! 21 ਸਾਲ ਦੇ ਮੁੰਡੇ ਨੇ 52 ਸਾਲਾ ਔਰਤ ਨਾਲ ਕਰਵਾਇਆ ਵਿਆਹ, Video ਵਾਇਰਲ


ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਦੇਸ਼ ਭਰ ਵਿੱਚ ਲੱਗੇ ਟੌਲ ਪਲਾਜ਼ੇ ਗ਼ੈਰਕਾਨੂੰਨੀ ਹਨ ਕਿਉਂਕਿ ਜਦ ਕੋਈ ਵਿਅਕਤੀ ਵਾਹਨ ਖਰੀਦਦਾ ਹੈ ਤਾਂ ਉਹ ਉਸੇ ਵੇਲੇ ਰੋਡ ਟੈਕਸ ਵੀ ਭਰਦਾ ਹੈ। ਇਸ ਲਈ ਵਾਹਨ ਚਾਲਕਾਂ ਤੋਂ ਮੁੜ ਟੌਲ ਟੈਕਸ ਵਸੂਲਣਾ ਗ਼ੈਰਕਾਨੂੰਨੀ ਹੈ। ਕਿਸਾਨ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਪੰਜਾਬ ਭਰ ਵਿੱਚ ਲੱਗੇ ਟੌਲ ਪਲਾਜ਼ੇ ਪੁੱਟੇ ਜਾਣ ਜਾਂ ਫਿਰ ਇਨ੍ਹਾਂ ਨੂੰ ਸਰਕਾਰੀ ਕਰਕੇ ਪਰਚੀ ਉੱਤੇ ਛੋਟ ਦਿੱਤੀ ਜਾਵੇ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਟੌਲ ਪਲਾਜ਼ਿਆਂ ਦੇ ਮੁਲਾਜ਼ਮਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ, ਉਨ੍ਹਾਂ ਦੀ ਇੱਕ ਮਹੀਨੇ ਦੀ ਤਨਖਾਹ ਟੌਲ ਕੰਪਨੀਆਂ ਤੋਂ ਦਿਵਾਈ ਜਾਵੇਗੀ।