ਜਲੰਧਰ ਦੇ ਲਾਂਬੜਾ ਇਲਾਕੇ ਦੇ ਪਿੰਡ ਕੋਹਾਲਾ ਦੀ 19 ਸਾਲ ਦੀ ਐਨ.ਆਰ.ਆਈ. ਕੁੜੀ ਨੂੰ ਅਗਵਾ ਕਰਨ ਦੇ ਇਲਜ਼ਾਮ 'ਚ ਜਲੰਧਰ ਪੁਲਿਸ ਨੇ ਲੁਧਿਆਣਾ 'ਚ ਤੈਨਾਤ ਇੰਸਪੈਕਟਰ ਤੇ ਉਸ ਦੇ ਮੁੰਡੇ 'ਤੇ ਪਰਚਾ ਦਰਜ ਕੀਤਾ ਹੈ। ਕੇਸ ਦਰਜ ਹੋਣ ਤੋਂ ਬਾਅਦ ਐਸ.ਐਚ.ਓ. ਅਤੇ ਉਸ ਦਾ ਮੁੰਡਾ ਫਰਾਰ ਹੈ।
ਲੜਕੀ ਦੇ ਪਿਤਾ ਜੱਸਾ ਸਿੰਘ ਮੁਤਾਬਕ ਉਨ੍ਹਾਂ ਦੀ ਲੜਕੀ ਨੂੰ ਥਾਣਾ ਮੁਖੀ ਸੁਰੇਸ਼ ਕੁਮਾਰ ਦਾ ਮੁੰਡਾ ਆਪਣੇ ਸਾਥੀਆਂ ਸਮੇਤ ਅਗਵਾ ਕਰ ਕੇ ਲੈ ਗਿਆ। ਇਸ ਤੋਂ ਪਹਿਲਾਂ ਉਹ ਕੁੜੀ ਨਾਲ ਵਿਆਹ ਕਰਵਾਉਣ ਦੀ ਗੱਲ ਕਰ ਰਿਹਾ ਸੀ। ਮਨ੍ਹਾ ਕਰਨ ਤੋਂ ਬਾਅਦ ਉਸ ਨੇ ਕੁੜੀ ਨੂੰ ਅਗਵਾ ਕਰ ਲਿਆ। ਲੜਕੀ ਦੇ ਪਿਤਾ ਮੁਤਾਬਕ ਇਸ ਵਿਚ ਉਸ ਦੇ ਪਿਓ ਸੁਰੇਸ਼ ਕੁਮਾਰ ਅਤੇ ਉਸ ਦੀ ਮਾਂ ਨੇ ਵੀ ਸਾਥ ਦਿੱਤਾ।
19 ਸਾਲ ਦੀ ਹਰਮਨਦੀਪ ਕੌਰ ਫਿਲੀਪੀਂਸ 'ਚ ਰਹਿੰਦੀ ਹੈ। ਉਹ ਪਿਛਲੇ ਛੇ ਮਹੀਨੇ ਤੋਂ ਘਰ ਆਈ ਹੋਈ ਸੀ। ਹਰਮਨਦੀਪ ਦੇ ਪਿਤਾ ਜੱਸਾ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਪੁਲਿਸ ਠੀਕ ਢੰਗ ਨਾਲ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਡੀ.ਐਸ.ਪੀ. ਨੇ ਲੜਕੇ ਦੇ ਬਾਪ ਨੂੰ ਬੁਲਾਇਆ ਸੀ ਪਰ ਉਸ ਨੂੰ ਛੱਡ ਦਿੱਤਾ।
ਕਿਡਨੈਪਿੰਗ ਦੇ ਇਸ ਮਾਮਲੇ ਬਾਰੇ ਕਰਤਾਰਪੁਰ ਦੇ ਡੀ.ਐਸ.ਪੀ. ਜਸਬੀਰ ਰਾਏ ਦਾ ਕਹਿਣਾ ਹੈ ਕਿ ਉਨ੍ਹਾਂ ਜੱਸਾ ਸਿੰਘ ਦੀ ਸ਼ਿਕਾਇਤ 'ਤੇ ਪੁਲਿਸ ਮੁਲਾਜ਼ਮ 'ਤੇ ਵੀ ਕੇਸ ਦਰਜ ਕਰ ਲਿਆ ਹੈ। ਫਿਲਹਾਲ ਸਾਰੇ ਮੁਲਜ਼ਮ ਪੁਲਿਸ ਦ ਗ੍ਰਿਫਤ ਤੋਂ ਬਾਹਰ ਹਨ ਤੇ ਗ੍ਰਿਫਤਾਰੀ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ।