ਚੰਡੀਗੜ੍ਹ: "ਅਪਣਾ ਪੰਜਾਬ ਪਾਰਟੀ" ਨੇ ਗੁਰਦਾਸਪੁਰ ਲੋਕ ਸਭਾ ਚੋਣ ਲਈ ਅਕਾਲੀ-ਬੀਜੇਪੀ ਉਮੀਦਵਾਰ ਸਵਰਨ ਸਲਾਰੀਆ ਨੂੰ ਹਮਾਇਤ ਦੇ ਦਿੱਤੀ ਹੈ। ਪਾਰਟੀ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਪਹਿਲਾਂ ਵੋਟਰਾਂ ਨੂੰ ਆਪਣੀ ਮਰਜ਼ੀ ਮੁਤਾਬਕ ਵੋਟ ਦੇਣ ਨੂੰ ਕਿਹਾ ਸੀ ਪਰ ਇਸ ਅਚਾਨਕ ਫੈਸਲੇ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।


ਪਾਰਟੀ ਦਾ ਕਹਿਣਾ ਹੈ ਕਿ ਇਹ ਹਮਾਇਤ ਐਨਡੀਏ ਨੂੰ ਹੈ ਤੇ ਅੱਗੇ ਵੀ ਇਸ ਬਾਰੇ ਸੋਚਿਆ ਜਾਵੇਗਾ। ਪਾਰਟੀ ਦੇ ਬੁਲਾਰੇ ਐਚ.ਐਸ. ਕਿੰਗਰਾ ਨੇ ਕਿਹਾ ਹੈ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਦੇਖ ਕੇ ਉਨ੍ਹਾਂ ਸਲਾਰੀਆ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਤੇ ਜੀਐਸਟੀ ਨਾਲ ਦੇਸ਼ ਨੂੰ ਵੱਡਾ ਫਾਇਦਾ ਹੋਇਆ ਹੈ ਤੇ ਮੋਦੀ ਦੀ ਅਗਵਾਈ ਵਿੱਚ ਦੇਸ਼ ਅੱਗੇ ਵਧ ਰਿਹਾ ਹੈ।

ਉਨ੍ਹਾਂ ਕਿਹਾ ਕਿ ਆਰਐਸਐਸ ਦੇਸ਼ ਤੇ ਸਿੱਖਾਂ ਲਈ ਹਮੇਸ਼ਾਂ ਚੰਗਾ ਸੋਚਦੀ ਹੈ ਤੇ ਉਨ੍ਹਾਂ ਨੂੰ ਆਰਐਸਐਸ ਤੋਂ ਕੋਈ ਸਮੱਸਿਆ ਨਹੀਂ। ਉਨ੍ਹਾਂ ਕਿਹਾ ਕਿ ਸਾਡੇ ਲਈ ਇਸ ਸਮੇਂ ਇਹੀ ਫੈਸਲਾ ਸਭ ਤੋਂ ਠੀਕ ਸੀ ਤੇ ਅਸੀਂ ਪੰਜਾਬ ਦੇ ਹਿੱਤ ਨੂੰ ਦੇਖਦਿਆਂ ਹੀ ਇਹ ਫ਼ੈਸਲਾ ਲਿਆ ਹੈ।