ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੀ ਫੇਰੀ ਤੋਂ ਐਨ ਪਹਿਲਾਂ ਅੰਮ੍ਰਿਤਸਰ ਵਿੱਚ ਕਾਂਗਰਸ ਦੇ ਵਿਦਿਆਰਥੀ ਵਿੰਗ ਨੇ ਸ਼ਹਿਰ ਵਿੱਚ ਮੋਦੀ ਵਿਰੋਧੀ ਪੋਸਟਰ ਟੰਗ ਦਿੱਤੇ। ਐਨਐਸਯੂਆਈ ਕਾਰਕੁਨ ਇਨ੍ਹਾਂ ਪੋਸਟਰਾਂ ਵਿੱਚ ਰਾਫੇਲ ਲੜਾਕੂ ਜਹਾਜ਼ ਦੀ ਖਰੀਦਦਾਰੀ 'ਚ ਹੋਏ ਕਥਿਤ ਘਪਲੇ ਦਾ ਪ੍ਰਚਾਰ ਕਰ ਰਹੇ ਹਨ।
ਇਹ ਵੀ ਪੜ੍ਹੋ- ਗੁਰੂ ਨਗਰੀ ਤੋਂ ਮਜ਼ਬੂਤ ਉਮੀਦਵਾਰ ਦੀ ਤਲਾਸ਼ 'ਚ ਅਮਿਤ ਸ਼ਾਹ ਭਲਕੇ ਫੋਲਣੇ ਵਰਕਰਾਂ ਦੇ ਮਨ
ਤਿੰਨ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਆਰਮੀ ਚੀਫ਼ ਜਨਰਲ ਬਾਜਵਾ ਨਾਲ ਜੱਫੀ ਦੀ ਫ਼ੋਟੋ ਦੇ ਵੱਡੇ ਪੋਸਟਰ ਲਾ ਕੇ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਪ੍ਰਚਾਰ ਕੀਤਾ ਸੀ। ਅਗਲੇ ਹੀ ਦਿਨ ਇਹ ਪੋਸਟ ਜਲੰਧਰ ਵੀ ਲੱਗੇ ਦਿਖਾਈ ਦਿੱਤੇ। ਬਾਅਦ ਵਿੱਚ ਕੁਝ ਲੋਕਾਂ ਨੇ ਸੁਖਬੀਰ ਬਾਦਲ ਦੀ ਪਾਕਿਸਤਾਨ ਫੇਰੀ ਦੌਰਾਨ ਗੋਲ-ਗੱਪੇ ਖਾਂਦਿਆਂ ਤੇ ਪਾਕਿ ਪ੍ਰਧਾਨ ਮੰਤਰੀ ਤੇ ਗਰਮਖਿਆਲੀ ਸਿੱਖ ਆਗੂ ਨਾਲ ਤਸਵੀਰ ਦੇ ਪੋਸਟਰ ਛਪਵਾ ਕੇ ਟੰਗਵਾ ਦਿੱਤੇ। ਹੁਣ ਐਨਐਸਯੂਆਈ ਨੇ ਰਾਫੇਲ ਸੌਦੇ ਦੇ ਪੋਸਟਰਾਂ ਨਾਲ ਅਮਿਤ ਸ਼ਾਹ ਦੀ ਫੇਰੀ ਤੋਂ ਪਹਿਲਾਂ ਭਾਜਪਾ 'ਤੇ ਤੰਜ ਕੱਸਦੇ ਹੋਏ ਸ਼ਹਿਰ ਦੀਆਂ ਕਈ ਥਾਵਾਂ 'ਤੇ ਪੋਸਟਰ ਲਾਏ ਹਨ।
ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅੱਜ ਬਾਅਦ ਦੁਪਹਿਰ ਅੰਮ੍ਰਿਤਸਰ ਵਿੱਚ ਵਰਕਰਾਂ ਨੂੰ ਮਿਲਣ ਲਈ ਪੁੱਜ ਰਹੇ ਹਨ। ਐਨਐਸਯੂਆਈ ਦੇ ਸੂਬਾ ਪ੍ਰਧਾਨ ਅਕਸ਼ੈ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਨ੍ਹਾਂ ਦੀ ਜਥੇਬੰਦੀ ਦੇ ਕਾਰਕੁਨ ਸ਼ਹਿਰ ਵਿੱਚ ਪੋਸਟਰ ਲਗਾ ਰਹੇ ਸਨ ਤਾਂ ਸ਼ਵੇਤ ਮਲਿਕ ਤੇ ਉਨ੍ਹਾਂ ਨਾਲ ਸਬੰਧਤ ਲੋਕਾਂ ਨੇ ਗੁੰਡਾਗਰਦੀ ਵੀ ਕੀਤੀ।