ਜਲੰਧਰ: ਇੱਥੋਂ ਦੇ ਨੇੜਲੇ ਪਿੰਡ ਗਾਜ਼ੀਪੁਰ ਦੇ ਨੌਜਵਾਨ ਕਾਰੋਬਾਰੀ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਮ੍ਰਿਤਕ ਦੀ ਸ਼ਨਾਖ਼ਤ ਹਰਕਮਲਜੀਤ ਵਜੋਂ ਹੋਈ ਹੈ। ਸ਼ਨੀਵਾਰ ਨੂੰ ਰੰਗ-ਰੋਗਨ ਦੇ ਕਾਰੋਬਾਰੀ ਦੀ ਲਾਸ਼ ਘਰ ਦੇ ਗੁਸਲਖ਼ਾਨੇ ਵਿੱਚ ਲਟਕਦੀ ਮਿਲੀ। ਹੈਰਾਨੀ ਦੀ ਗੱਲ ਹੈ ਕਿ ਉਸ ਦੇ ਵਿਆਹ ਨੂੰ ਹਾਲੇ ਮਹੀਨਾ ਵੀ ਨਹੀਂ ਸੀ ਹੋਇਆ ਤੇ ਉਹ ਆਪਣੀ ਪਤਨੀ ਨਾਲ ਹਨੀਮੂਨ ਮਨਾ ਕੇ ਮਲੇਸ਼ੀਆ ਤੋਂ ਪਿਛਲੇ ਹਫ਼ਤੇ ਹੀ ਪਰਤਿਆ ਸੀ।
ਹਰਕਮਲਜੀਤ ਨੇ ਆਪਣੇ ਖ਼ੁਦਕੁਸ਼ੀ ਪੱਤਰ ਵਿੱਚ ਇਸ ਕਦਮ ਲਈ ਆਪਣੀ ਪਤਨੀ ਨੂੰ ਦੋਸ਼ੀ ਠਹਿਰਾਇਆ ਹੈ। ਉਸ ਦੇ ਪਿਤਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਵਿਆਹ ਬੀਤੀ 20 ਜਨਵਰੀ ਨੂੰ ਨੀਰੂ ਭੰਵਰਾ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਵੀ ਉਹ ਰੋਜ਼ਾਨਾ ਵਾਂਗ ਸਵੇਰੇ ਸਾਢੇ ਕੁ ਛੇ ਵਜੇ ਉੱਠੇ ਤੇ ਸੱਤ ਵਜੇ ਦੁੱਧ ਲੈਣ ਜਾਣ ਸਮੇਂ ਹਰਕਮਲਜੀਤ ਜ਼ਿੰਦਾ ਸੀ ਪਰ ਅੱਠ ਕੁ ਵਜੇ ਵਾਪਸ ਆਏ ਤਾਂ ਉਹ ਆਪਣੇ ਕਮਰੇ ਵਿੱਚ ਨਹੀਂ ਸੀ।
ਪਿਤਾ ਨੇ ਉਸ ਦੀ ਭਾਲ ਕੀਤੀ ਤੇ ਅਚਾਨਕ ਬਾਥਰੂਮ ਵਿੱਚ ਗਏ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ। ਹਰਕਮਲਜੀਤ ਦੀ ਲਾਸ਼ ਰੱਸੀ ਨਾਲ ਲਮਕ ਰਹੀ ਸੀ। ਪੁਲਿਸ ਨੇ ਮ੍ਰਿਤਕ ਦੀ ਪਤਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਪਰ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਪੁਲਿਸ ਨੇ ਮ੍ਰਿਤਕ ਦੀ ਜੇਬ ਵਿੱਚੋਂ ਖ਼ੁਦਕੁਸ਼ੀ ਪੱਤਰ ਵੀ ਬਰਾਮਦ ਹੋਇਆ ਹੈ।
ਹਰਕਮਲਜੀਤ ਨੇ ਪੰਜਾਬੀ ਵਿੱਚ ਲਿਖੇ ਆਪਣੇ ਖ਼ੁਦਕੁਸ਼ੀ ਨੋਟ 'ਚ ਦੱਸਿਆ ਹੈ ਕਿ ਮੈਂ ਆਪਣੇ ਪੂਰੇ ਹੋਸ਼-ਹਵਾਸ ਵਿੱਚ ਇਹ ਸੁਸਾਈਡ ਨੋਟ ਲਿਖ ਰਿਹਾ ਹਾਂ। ਵਜ੍ਹਾ ਨੀਰੂ ਭੰਵਰਾ ਹੈ, ਜੋ ਮੈਨੂੰ ਬਹੁਤ ਹੀ ਤੰਗ ਪ੍ਰੇਸ਼ਾਨ ਕਰਦੀ ਹੈ। ਮੈਨੂੰ ਧਮਕੀਆਂ ਦਿੰਦੀ ਹੈ ਕਿ ਮੈਂ ਤੇਰੇ ਪਿਓ ਨੂੰ ਅੱਗ ਲਾ ਦੇਣੀ ਤੇ ਤੇਰੇ ਖ਼ਾਨਦਾਨ ਨੂੰ ਤਬਾਹ ਕਰ ਦੇਣਾ ਹੈ। ਇਸ ਨੂੰ ਘਰ ਦਾ ਕੰਮ ਵੀ ਨਹੀਂ ਆਉਂਦਾ। ਜੇ ਇਸ ਨੂੰ ਕਹਿੰਦੇ ਹਾਂ ਤਾਂ ਸਾਨੂੰ ਧਮਕੀਆਂ ਦਿੰਦੀ ਹੈ ਕਿ ਮੈਂ ਤੁਹਾਡੀ ਨੌਕਰ ਲੱਗੀ ਹੋਈ ਆਂ..? ਓ ਆਪਣੇ ਪੁਰਾਣੇ ਯਾਰਾਂ ਗੱਲ ਕਰਦੀ ਹੈ, ਜਿਸ ਵਿੱਚ ਦਿਲਬਾਗ਼ ਨਾਂ ਦਾ ਮੁੰਡਾ ਹੈ, ਜੋ ਕੈਨੇਡਾ ਰਹਿੰਦਾ ਹੈ। ਦੂਜਾ ਹੁਣ ਜੇਲ੍ਹ ਗਿਆ ਹੋਇਆ ਹੈ ਗੋਪੀ ਬਾਜਵਾ, ਓਸ ਨਾਲ ਵੀ ਗੱਲਬਾਤ ਹੈ। ਇਹ ਮੈਨੂੰ ਕਹਿੰਦੀ ਕਿ ਮੈਂ ਤੁਹਾਨੂੰ ਤਬਾਹ ਕਰ ਦੇਣਾ ਹੈ। ਇਸ ਕਰਕੇ ਮੈਂ ਇਹ ਸਟੈਪ ਚੁੱਕ ਲਿਆ ਹੈ। ਪਿਛਲੇ ਹਫ਼ਤੇ ਜਦ ਅਸੀਂ ਮਲੇਸ਼ੀਆ ਗਏ ਸੀ, ਉਦੋਂ ਵੀ ਉਸ ਨੇ ਮੈਨੂੰ ਬਹੁਤ ਦੁਖੀ ਕੀਤਾ ਸੀ। ਹਰ ਗੱਲ 'ਤੇ ਮੈਨੂੰ ਤਲਾਕ ਦੇਣ ਤੇ ਹਰ ਗੱਲ 'ਤੇ ਮੈਨੂੰ ਧਮਕੀਆਂ ਦਿੰਦੀ ਹੈ। ਮੈਂ ਮਹਿਲਾ ਮੰਡਲ 'ਚ ਪਰਚਾ ਦੇ ਕੇ ਤੁਹਾਡਾ ਜਲੂਸ ਕਢਾਉਣੈ। ਇਸ ਲਈ ਮੈਂ ਮਜਬੂਰ ਹੋ ਕੇ ਇਹ ਕਦਮ ਚੁੱਕ ਲਿਆ। ਮੰਮੀ ਤੇ ਪਾਪਾ ਤੁਸੀਂ ਆਪਣਾ ਖ਼ਿਆਲ ਰੱਖਿਓ..!