ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿੱਚ ਕਾਂਗਰਸ ਦੇ ਵਿਦਿਆਰਥੀ ਵਿੰਗ ਐਨ.ਐਸ.ਯੂ.ਆਈ. ਨੇ ਆਪਣੀ ਜਿੱਤ ਦਰਜ ਕਰ ਲਈ ਹੈ। 2801 ਵੋਟਾਂ ਹਾਸਲ ਕਰ ਕੇ ਪਾਰਟੀ ਦੇ ਜਸ਼ਨ ਕੰਬੋਜ ਪ੍ਰਧਾਨ ਚੁਣੇ ਗਏ ਹਨ। ਦੱਸਣਾ ਬਣਦਾ ਹੈ ਕਿ ਵਿਦਿਆਰਥੀ ਨੇਤਾਵਾਂ ਦੇ ਪ੍ਰਮੁੱਖ ਤਿੰਨਾਂ ਅਹੁਦਿਆਂ 'ਤੇ ਵੀ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ਹੀ ਕਾਬਜ਼ ਰਹੀ ਹੈ। ਐਨ.ਐਸ.ਯੂ.ਆਈ. ਦੇ ਕਰਨਵੀਰ ਸਿੰਘ ਨੇ ਬਤੌਰ ਉਪ ਪ੍ਰਧਾਨ ਚੋਣ ਜਿੱਤੀ ਹੈ ਜਦਕਿ ਵਾਣੀ ਸੂਦ ਨੇ ਸਕੱਤਰ ਦੇ ਅਹੁਦੇ ਨੂੰ ਮੱਲ ਲਿਆ ਹੈ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਪੁਸੂ) ਦੇ ਕਰਨਬੀਰ ਰੰਧਾਵਾ ਨੇ ਸੰਯੁਕਤ ਸਕੱਤਰ ਦੇ ਤੌਰ 'ਤੇ ਵਿਦਿਆਰਥੀਆਂ ਦੀ ਅਗਵਾਈ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ।  ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ 'ਚ 15,690 ਵੋਟਰਾਂ ਆਪਣੇ ਹੱਕ ਦੀ ਵਰਤੋਂ ਕੀਤੀ ਸੀ। ਇਸ ਵਾਰ ਕੌਂਸਲ ਦੇ ਅਹੁਦੇਦਾਰਾਂ ਵਾਸਤੇ 21 ਵਿਦਿਆਰਥੀ ਸੰਗਠਨਾਂ ਦੇ 35 ਉਮੀਦਵਾਰ ਮੈਦਾਨ ਵਿੱਚ ਸਨ। ਐਤਕੀਂ ਚੋਣਾਂ ਦੌਰਾਨ ਵਿਦਿਆਰਥੀਆਂ ਨੂੰ ‘ਨੋਟਾ’ ਦੀ ਸਹੂਲਤ ਵੀ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਚਾਰ ਵਿਦਿਆਰਥੀ ਗੱਠਜੋੜ ਚਾਰੋ ਅਹੁਦਿਆਂ ’ਤੇ ਚੋਣ ਲੜ ਰਹੇ ਸਨ ਜਦੋਂ ਕਿ ਤਿੰਨ ਹੋਰਾਂ ਨੇ ਇੱਕ-ਇੱਕ ਅਹੁਦੇ ’ਤੇ ਆਪਣਾ ਉਮੀਦਵਾਰ ਖੜ੍ਹਾਇਆ ਸੀ। ਇਨ੍ਹਾਂ ਵਿਦਿਆਰਥੀ ਸੰਗਠਨਾਂ ਵਿੱਚ ਸਟੂਡੈਂਟਸ ਫ਼ਾਰ ਸੁਸਇਟੀ (ਐਸਐਫਐਸ), ਪੰਜਾਬ ਯੂਨੀਵਰਸਿਟੀ ਸਟੂਡੈਂਟਸ ਐਸੋਸੀਏਸ਼ਨ (ਪੁਸੂ), ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਅਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ (ਸੋਈ) ਸ਼ਾਮਲ ਸਨ।