ਪਟਿਆਲਾ: ਪਿਛਲੇ ਕਈ ਹਫ਼ਤਿਆਂ ਤੋਂ ਰਾਜਿੰਦਰਾ ਹਸਪਤਾਲ ਦੀ ਛੱਤ 'ਤੇ ਬੈਠ ਕੇ ਕੈਪਟਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀਆਂ ਦੋ ਨਰਸਾਂ ਨੇ ਵੀਰਵਾਰ ਸ਼ਾਮ ਛਾਲ ਮਾਰ ਦਿੱਤੀ ਹੈ। ਇਸ ਦੌਰਾਨ ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੋਵਾਂ ਦਾ ਇਲਾਜ ਐਮਰਜੈਂਸੀ ਵਿਭਾਗ ਵਿੱਚ ਕੀਤਾ ਜਾ ਰਿਹਾ ਹੈ।
ਹਾਲਾਂਕਿ, ਨਰਸਾਂ ਨੂੰ ਸੱਟ ਤੋਂ ਬਚਾਉਣ ਲਈ ਪ੍ਰਸ਼ਾਸਨ ਨੇ ਜਾਲ ਵਿਛਾਇਆ ਸੀ, ਪਰ ਇਸ ਦੇ ਬਾਵਜੂਦ ਦੋਵੇਂ ਨਰਸਾਂ ਦੀ ਹਾਲਤ ਗੰਭੀਰ ਹੈ। ਦੋਵਾਂ ਨਰਸਾਂ ਦੀਆਂ ਸਾਥਣਾਂ ਮੁਤਾਬਕ ਬਲਜੀਤ ਕੌਰ ਖ਼ਾਲਸਾ ਨੇ ਪਹਿਲਾਂ ਛਾਲ ਮਾਰੀ ਤਾਂ ਜਾਲ਼ ਟੁੱਟ ਗਿਆ ਤੇ ਫਿਰ ਕਰਮਜੀਤ ਕੌਰ ਨੇ ਵੀ ਛਾਲ ਮਾਰ ਦਿੱਤੀ। ਉੱਧਰ, ਪਟਿਆਲਾ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਦੋਵਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਹੈ।
ਆਪਣੇ ਆਪ ਨੂੰ ਰੈਗੂਲਰ ਕਰਨ ਯਾਨੀ ਕਿ ਪੱਕੀ ਨੌਕਰੀ ਦੀ ਮੰਗ ਕਰਨ ਵਾਲੀਆਂ ਇਹ ਨਰਸਾਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਹਸਪਤਾਲ ਦੀ ਛੱਤ 'ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੀਆਂ ਸਨ। ਪਰ ਸਰਕਾਰ ਜਾਂ ਕਿਸੇ ਨੁਮਾਇੰਦੇ ਨੇ ਉਨ੍ਹਾਂ ਲਈ ਕੁਝ ਵੀ ਨਹੀਂ ਕੀਤਾ, ਜਿਸ ਕਾਰਨ ਦੋਵਾਂ ਨੇ ਨਿਰਾਸ਼ ਹੋ ਕੇ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ। ਸਰਕਾਰ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਇਹ ਸਵਾਲੀਆ ਨਿਸ਼ਾਨ ਹੈ ਕਿ ਕਰਮਚਾਰੀਆਂ ਨੂੰ ਅਜਿਹੇ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ।