ਚੰਡੀਗੜ੍ਹ: ਲੁਧਿਆਣਾ ਪੱਛਮੀ ਤੋਂ ਵਿਧਾਇਕ ਤੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਨੂੰ ਮੰਤਰੀ ਮੰਡਲ 'ਚੋਂ ਬਰਖ਼ਾਸਤ ਕਰਕੇ ਬਹੁਕਰੋੜੀ ਜ਼ਮੀਨ ਘੁਟਾਲੇ 'ਚ ਸ਼ਾਮਲ ਅਫ਼ਸਰਾਂ ਤੇ ਹੋਰਾਂ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਗਿਆ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ 'ਚ ਹੋਇਆ ਜ਼ਮੀਨ ਘੁਟਾਲਾ ਮੀਡੀਆ ਦੀਆਂ ਸੁਰਖ਼ੀਆਂ ਬਣੀਆਂ ਹੋਈਆ ਹੈ।
ਇਹ ਮਾਮਲਾ ਪੰਜਾਬ ਵਿਧਾਨ ਸਭਾ 'ਚ ਵੀ ਆਮ ਆਦਮੀ ਪਾਰਟੀ ਵੱਲੋਂ ਉਠਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਗਰੈਂਡ ਮੈਨਰ ਹੋਮਜ਼ ਜ਼ਮੀਨ ਘੁਟਾਲੇ ਬਾਰੇ ਜਾਂਚ ਰਿਪੋਰਟ 'ਚ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ, ਆਤਮ ਨਗਰ (ਲੁਧਿਆਣਾ) ਤੋਂ ਕਾਂਗਰਸੀ ਉਮੀਦਵਾਰ ਰਹੇ ਕਮਲਜੀਤ ਸਿੰਘ ਕੜਵਲ, ਤਿੰਨ ਉੱਚ ਅਧਿਕਾਰੀਆਂ ਦੇ ਨਾਮ ਆਏ ਹਨ। ਇਸ ਰਿਪੋਰਟ ਦੇ ਕਈ ਹਿੱਸੇ ਮੀਡੀਆ ਰਿਪੋਰਟਾਂ ਰਾਹੀਂ ਸਾਹਮਣੇ ਵੀ ਆ ਚੁੱਕੇ ਹਨ। ਇਸ ਵਿੱਚ ਮੰਤਰੀ ਤੇ ਕਈ ਅਧਿਕਾਰੀਆਂ ਦੀ ਮਿਲੀਭੁਗਤ ਦੇ ਸੰਕੇਤ ਮਿਲੇ ਹਨ। ਇਸ ਲਈ ਕੈਪਟਨ ਸਰਕਾਰ ਇਨ੍ਹਾਂ ਸਮੇਤ ਲੈਂਡ ਮਾਫ਼ੀਆ ਚਲਾਉਂਦੇ ਸਾਰੇ ਲੋਕਾਂ ਵਿਰੁੱਧ ਐਫਆਈਆਰ ਕਰਕੇ ਇਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ।
ਚੀਮਾ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕਰਦੇ ਹਾਂ ਕਿ ਗਰੈਂਡ ਮੈਨਰ ਹੋਮਜ਼ ਜ਼ਮੀਨ ਘੁਟਾਲੇ ਦੇ ਮਾਸਟਰ ਮਾਇੰਡ ਲੁਧਿਆਣਾ ਪੱਛਮੀ ਤੋਂ ਕਾਂਗਰਸੀ ਵਿਧਾਇਕ ਤੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਨੂੰ ਮੰਤਰੀ ਮੰਡਲ 'ਚ ਤੁਰੰਤ ਬਰਖ਼ਾਸਤ ਕੀਤਾ ਜਾਵੇ। ਇਸ ਦੇ ਨਾਲ ਹੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਵੱਲੋਂ ਇਸ ਘੁਟਾਲੇ ਬਾਰੇ ਕਰਵਾਈ ਗਈ ਜਾਂਚ ਰਿਪੋਰਟ ਨੂੰ ਜਨਤਕ ਕੀਤਾ ਜਾਵੇ।
ਇਸ ਰਿਪੋਰਟ ਦੇ ਕਈ ਅਹਿਮ ਹਿੱਸੇ ਮੀਡੀਆ 'ਚ ਪ੍ਰਕਾਸ਼ਿਤ ਹੋਏ ਤਾਂ ਨਵਜੋਤ ਸਿੱਧੂ ਨੂੰ ਵੀ ਮੀਡੀਆ ਰਿਪੋਰਟਾਂ ਨੂੰ ਸਦਨ 'ਚ ਝੁਠਲਾ ਨਹੀਂ ਸਕੇ। ਮੀਡੀਆ ਨੂੰ ਪ੍ਰਤੀਕਿਰਿਆ ਦਿੰਦੇ ਹੋਏ ਸਿੱਧੂ ਨੇ ਕਿਹਾ ਸੀ ਕਿ ਚਾਹੇ ਕੋਈ ਮੰਤਰੀ ਹੋਵੇ ਜਾਂ ਸੰਤਰੀ ਉਹ ਬਖ਼ਸ਼ੇ ਨਹੀਂ ਜਾਣਗੇ, ਪਰ ਇੰਨੇ ਦਿਨ ਲੰਘ ਜਾਣ ਦੇ ਬਾਵਜੂਦ ਕਿਸੇ 'ਤੇ ਕੋਈ ਕਾਰਵਾਈ ਨਾ ਕਰਨਾ ਕਈ ਕਿਸਮ ਦੇ ਸ਼ੰਕੇ ਪੈਦਾ ਕਰਦਾ ਹੈ। ਜ਼ਮੀਨ ਦੇ ਸੀਐਲਯੂ ਤੇ ਰਜਿਸਟਰੀ ਦੇ ਫ਼ਰਜ਼ੀਵਾੜੇ ਦਾ ਪਰਦਾਫਾਸ਼ ਹੋ ਚੁੱਕਿਆ ਹੈ। ਮੰਤਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਅਧਿਕਾਰੀਆਂ ਨੂੰ ਧਮਕਾਉਣ ਤੇ ਹਾਈਕੋਰਟ ਪ੍ਰਤੀ ਅਪਮਾਣਯੋਗ ਟਿੱਪਣੀਆਂ ਵਾਇਰਲ ਹੋ ਚੁੱਕੀਆਂ ਹਨ।