ਜਲੰਧਰ: ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ ਦੀ ਸੱਤਾਧਾਰੀ ਸਰਕਾਰ 'ਤੇ ਅੱਜ ਕਈ ਨਿਸ਼ਾਨੇ ਲਾਏ। ਜਲੰਧਰ ਵਿੱਚ ਸਰਕਾਰੀ ਕਾਲਜ ਦਾ ਨੀਂਹ ਪੱਥਰ ਰੱਖਣ ਦੇ ਸਮਾਗਮ ਵਿੱਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਪਹੁੰਚੇ ਸਨ। ਕੈਪਟਨ ਨੇ ਤਾਂ ਸਮਾਂ ਘੱਟ ਹੋਣ ਦਾ ਹਵਾਲਾ ਦਿੰਦਿਆਂ ਸਿਰਫ ਸਿੱਖਿਆ ਦੀ ਹੀ ਗੱਲ ਕੀਤੀ ਪਰ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ ਦੀ ਸੱਤਾਧਾਰੀ ਸਰਕਾਰ 'ਤੇ ਕਈ ਨਿਸ਼ਾਨੇ ਲਾਏ।
ਜਾਖੜ ਨੇ ਕਿਹਾ ਕਿ ਸੱਤਾਧਾਰੀ ਆਪਣੀਆਂ ਕਮਜ਼ੋਰੀਆਂ ਲੁਕਾਉਣ ਲਈ ਬਹਾਦਰ ਸਿਪਾਹੀਆਂ ਦੀ ਆਹੁਤੀ ਨਾ ਦੇਵੇ। ਉਨ੍ਹਾਂ ਕਿਹਾ ਕਿ ਬਾਬਾ ਨਾਨਕ ਦੇ ਪ੍ਰਕਾਸ਼ ਉਤਸਵ ਮਨਾਉਣ ਵਾਸਤੇ ਸ੍ਰੀ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਲਈ ਵਾਹਿਗੁਰੂ ਦੀ ਮੇਹਰ ਹੋਈ, ਉਸੇ ਤਰ੍ਹਾਂ ਦੋਵੇਂ ਮੁਲਕਾਂ ਵਿੱਚ ਅਮਨ-ਸ਼ਾਂਤੀ ਬਣੀ ਰਹੇ।
ਇਸ ਮੌਕਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ 50 ਡਿਗਰੀ ਕਾਲਜ ਬਣਾਏ ਜਾਣਗੇ। ਇਸ ਲਈ 17 ਦਾ ਐਲਾਨ ਹੋ ਚੁੱਕਿਆ ਹੈ ਤੇ ਬਣ ਰਹੇ ਹਨ। ਦੋ ਸਾਲ ਵਿੱਚ ਅਸੀਂ 17 ਕਾਲਜ ਬਣਾ ਰਹੇ ਹਨ। ਪਿਛਲੀ ਸਰਕਾਰ ਨੇ 10 ਸਾਲਾਂ ਵਿੱਚ 30 ਕਾਲਜ ਬਣਾਏ ਸਨ।
ਕੈਪਟਨ ਨੇ ਕਿਹਾ ਕਿ ਐਜੂਕੇਸ਼ਨ ਬਦਲ ਰਹੀ ਹੈ। ਜਿਹੜਾ ਅਸੀਂ ਪੜ੍ਹਿਆ ਸੀ, ਉਹ ਬਦਲ ਗਿਆ ਹੈ। ਜਿਹੜਾ ਹੁਣ ਪੜ੍ਹਾਇਆ ਜਾ ਰਿਹਾ ਹੈ, ਉਹ ਅਗਲੇ 20 ਸਾਲ ਵਿੱਚ ਬਦਲ ਜਾਣਾ ਹੈ। ਅਸੀਂ ਆਪਣੀਆਂ ਯੂਨੀਵਰਸਿਟੀਆਂ ਦਾ ਬਾਹਰਲੀਆਂ ਯੂਨੀਵਰਸਿਟੀਆਂ ਨਾਲ ਕਰਾਰ ਕਰ ਰਹੇ ਹਾਂ ਤਾਂ ਜੋ ਬੱਚਿਆਂ ਨੂੰ ਖੋਜ ਬਾਰੇ ਪਤਾ ਲੱਗ ਸਕੇ।
ਉਨ੍ਹਾਂ ਕਿਹਾ ਕਿ ਇਸ ਕਾਲਜ ਦੀ 1992 ਤੋਂ ਮੰਗ ਕੀਤੀ ਜਾ ਰਹੀ ਸੀ। ਇਸ ਦਾ ਪਿਛਲੀ ਸਰਕਾਰ ਨੇ ਐਲਾਨ ਵੀ ਕੀਤਾ ਸੀ ਪਰ ਪੂਰਾ ਨਹੀਂ ਕੀਤਾ ਅਸੀਂ ਇਸ ਨੂੰ ਜਲਦੀ ਤੋਂ ਜਲਦੀ ਬਣਾਵਾਂਗੇ।