ਫ਼ਰੀਦਕੋਟ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ 14 ਅਕਤੂਬਰ, 2015 ਨੂੰ ਕੋਟਕਪੂਰਾ ਵਿੱਚ ਵਾਪਰੇ ਗੋਲੀ ਕਾਂਡ ਸਬੰਧੀ ਅਕਾਲੀ ਲੀਡਰ ਮਨਤਾਰ ਬਰਾੜ ਤੋਂ ਨੌਂ ਘੰਟੇ ਪੁੱਛਗਿੱਛ ਕੀਤੀ ਗਈ। ਉਹ ਬੁੱਧਵਾਰ ਨੂੰ ਵਿਸ਼ੇਸ਼ ਜਾਂਚ ਟੀਮ ਦੇ ਫ਼ਰੀਦਕੋਟ ਕੈਂਪ ਦਫਤਰ ਵਿੱਚ ਪੇਸ਼ ਹੋਏ। ਜਾਂਚ ਟੀਮ ਨੇ ਸੰਸਦੀ ਸਕੱਤਰ ਨਾਲ-ਨਾਲ ਉਸ ਵੇਲੇ ਦੇ ਕੋਟਕਪੂਰਾ ਦੇ ਐਸਡੀਐਮ ਹਰਜੀਤ ਸਿੰਘ ਸੰਧੂ ਨੂੰ ਵੀ ਪੁੱਛ ਪੜਤਾਲ ਲਈ ਬੁਲਾਇਆ ਸੀ। ਇਸ ਤੋਂ ਪਹਿਲਾਂ ਮਨਤਾਰ ਸਿੰਘ ਬਰਾੜ 9 ਨਵੰਬਰ ਨੂੰ ਜਾਂਚ ਟੀਮ ਸਾਹਮਣੇ ਪੇਸ਼ ਹੋ ਚੁੱਕੇ ਹਨ।
ਯਾਦ ਰਹੇ ਜਸਟਿਸ ਰਣਜੀਤ ਸਿੰਘ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਕੋਟਕਪੂਰਾ ਗੋਲੀ ਕਾਂਡ ਤੋਂ ਪਹਿਲਾਂ ਮਨਤਾਰ ਸਿੰਘ ਬਰਾੜ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਫੋਨ 'ਤੇ ਕਈ ਵਾਰ ਗੱਲਬਾਤ ਕੀਤੀ। ਇਸ ਗੱਲਬਾਤ ਤੋਂ ਕੁਝ ਸਮਾਂ ਬਾਅਦ ਹੀ ਪੁਲਿਸ ਨੇ ਸ਼ਾਂਤਮਈ ਬੈਠੀ ਸੰਗਤ ਉੱਪਰ ਗੋਲੀ ਚਲਾ ਦਿੱਤੀ।
ਗੋਲੀ ਚੱਲਣ ਵੇਲੇ ਪੰਜਾਬ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਤੇ ਉਸ ਦੀ ਸਮੁੱਚੀ ਟੀਮ ਵੀ ਮੌਕੇ ’ਤੇ ਹਾਜ਼ਰ ਸੀ। ਕੋਟਕਪੂਰਾ ਗੋਲੀ ਕਾਂਡ ਵਿੱਚ ਤਿੰਨ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਸਨ। ਇਸ ਗੋਲੀ ਕਾਂਡ ਤੋਂ ਕੁਝ ਸਮੇਂ ਬਾਅਦ ਹੀ ਬਹਿਬਲ ਕਾਂਡ ਵਾਪਰ ਗਿਆ, ਜਿੱਥੇ ਦੋ ਸਿੱਖ ਨੌਜਵਾਨ ਹਰਭਗਵਾਨ ਸਿੰਘ ਤੇ ਗੁਰਜੀਤ ਸਿੰਘ ਪੁਲਿਸ ਦੀ ਗੋਲੀ ਨਾਲ ਮਾਰੇ ਗਏ।