ਚੰਡੀਗੜ੍ਹ: ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਹਵਾਈ ਫੌਜ ਨੇ ਸਰਹੱਦੀ ਪਿੰਡਾਂ ਵਿੱਚ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਅੱਜ ਰਾਤ ਉਹ ਆਪਣੀ ਪ੍ਰੈਕਟਿਸ ਵਾਸਤੇ ਡਰਿੱਲ ਕਰਨਗੇ, ਜੋ ਕੇਵਲ ਫੌਜ ਲਈ ਹੀ ਹੋਵੇਗੀ। ਇਸ ਸਾਇਰਨ ਦੀ ਅਵਾਜ਼ ਫੌਜ ਦੇ ਘੇਰੇ ਤੋਂ ਬਾਹਰ ਵੀ ਸੁਣੇਗੀ। ਉਨ੍ਹਾਂ ਆਮ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਇਹ ਫੌਜ ਅਭਿਆਸ ਦਾ ਇੱਕ ਹਿੱਸਾ ਹੈ। ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣ ਆਮ ਦੀ ਤਰ੍ਹਾਂ ਸ਼ੁਰੂ ਹਨ।
ਭਾਰਤ-ਪਾਕਿਸਤਾਨ ਵਿਚਾਲੇ ਕਸ਼ਮੀਰ ਵਿਚ ਬਣੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਪੁਲਿਸ, ਸਿਵਲ ਡਿਫੈਂਸ, ਹੋਮਗਾਰਡ, ਸਿਹਤ , ਸਿੱਖਿਆ, ਪਸ਼ੂ ਪਾਲਣ, ਪੇਂਡੂ ਵਿਕਾਸ, ਜਲ ਸਪਲਾਈ, ਬਿਜਲੀ, ਬੀ ਐਸ ਐਨ ਐਲ, ਰੋਡਵੇਜ਼, ਖੇਤੀਬਾੜੀ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਚਾਰ-ਚਰਚਾ ਕੀਤੀ ਅਤੇ ਉਨ੍ਹਾਂ ਨੂੰ ਹਲਾਤ ਅਨੁਸਾਰ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਅਜੇ ਜੰਗ ਦਾ ਕੋਈ ਖ਼ਤਰਾ ਨਹੀਂ ਹੈ, ਪਰ ਸਾਨੂੰ ਹਲਾਤ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀ ਨੀਤੀ ਉਲੀਕ ਲੈਣੀ ਚਾਹੀਦੀ ਹੈ, ਜੇਕਰ ਭਾਰਤ-ਪਾਕਿ ਸਰਹੱਦ 'ਤੇ ਕੋਈ ਖ਼ਤਰਾ ਪੈਦਾ ਹੁੰਦਾ ਹੈ ਤਾਂ ਸਰਹੱਦੀ ਪੱਟੀ ਵਿਚ ਰਹਿ ਰਹੋ ਲੋਕਾਂ ਨੂੰ ਉਥੇ ਸੁਰੱਖਿਆ ਸਥਾਨ 'ਤੇ ਪਹੁੰਚਾਉਣ, ਉਨਾਂ ਲਈ ਰੋਟੀ-ਪਾਣੀ, ਪਸ਼ੂਆਂ ਲਈ ਚਾਰਾ, ਪੀਣ ਵਾਲੇ ਪਾਣੀ, ਬਿਜਲੀ ਅਤੇ ਸੁਰੱਖਿਆ ਆਦਿ ਲਈ ਸਾਰੇ ਵਿਭਾਗ ਯੋਜਨਾ ਉਲੀਕ ਲੈਣ।
ਢਿਲੋਂ ਨੇ ਅਧਿਕਾਰੀਆਂ ਨੂੰ ਹਰੇਕ ਤਰ੍ਹਾਂ ਦੀ ਸਥਿਤੀ ਨਾਲ ਨਿਜੱਠਣ ਦੀ ਯੋਜਨਾ ਉਲੀਕਣ ਦੇ ਉਦੇਸ਼ ਦਿੰਦੇ ਸਪੱਸ਼ਟ ਕੀਤਾ ਕਿ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਸਾਡੀ ਸਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ ਅਤੇ ਹੰਗਾਮੀ ਹਾਲਤ ਵਿਚ ਲੋਕਾਂ ਨੂੰ ਸਰਹੱਦੀ ਖੇਤਰ ਵਿਚ ਕਿਵੇਂ ਕੱਢਿਆ ਜਾ ਸਕਦਾ ਹੈ ਅਤੇ ਕਿੱਥੇ ਠਹਿਰਾਇਆ ਜਾ ਸਕਦਾ ਹੈ, ਇਸ ਨੂੰ ਮਨ ਵਿਚ ਰੱਖ ਕੇ ਸਾਰੇ ਵਿਕਲਪ ਵਿਚਾਰੇ ਜਾਣ।
ਢਿਲੋਂ ਨੇ ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਕੇ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਕਰਨ ਅਤੇ ਲੋਕ ਵੀ ਪ੍ਰਚਾਰ ਉੱਤੇ ਵਿਸਵਾਸ਼ ਨਾ ਕਰਨ। ਜੇਕਰ ਕਿਸੇ ਤਰਾਂ ਦਾ ਕੋਈ ਖ਼ਤਰਾ ਪੈਦਾ ਹੁੰਦਾ ਹੈ ਤਾਂ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਕਰਮਚਾਰੀ ਤੁਹਾਡੇ ਨਾਲ ਤਰੁੰਤ ਰਾਬਤਾ ਕਰਨਗੇ।