ਭਾਰਤ ਨੇ ਪਾਕਿ ਡਿਪਟੀ ਹਾਈ ਕਮਿਸ਼ਨਰ ਕੋਲੋਂ ਪੁਲਵਾਮਾ ਅੱਤਵਾਦੀ ਹਮਲੇ ਤੇ ਲਾਪਤਾ ਭਾਰਤੀ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਸਬੰਧੀ ਸਪਸ਼ਟੀਕਰਨ ਮੰਗਿਆ ਹੈ। ਦਰਅਸਲ ਪਾਕਿਸਤਾਨ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਭਾਰਤ ਦੇ ਦੋ ਲੜਾਕੂ ਜਹਾਜ਼ ਸੁੱਟੇ ਹਨ ਤੇ ਦੋ ਪਾਇਲਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪਾਕਿਸਤਾਨੀ ਫੌਜ ਦੇ ਬੁਲਾਰਾ ਮੇਜਰ ਜਨਰਲ ਆਸਿਫ ਗਫੂਰ ਨੇ ਵੀ ਭਾਰਤੀ ਹਵਾਈ ਫੌਜ ਦੇ ਦੋ ਪਾਇਲਟਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਪਾਇਲਟ ਜ਼ਖ਼ਮੀ ਹੈ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਇਲਟ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਉਨ੍ਹਾਂ ਦੱਸਿਆ ਕਿ ਇੱਕ ਜਹਾਜ਼ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਜਦਕਿ ਦੂਜਾ ਜੰਮੂ ਕਸ਼ਮੀਰ ਵਿੱਚ ਡਿੱਗਿਆ।
ਪਾਕਿਸਤਾਨ ਦੇ ਇਨ੍ਹਾਂ ਦਾਅਵਿਆਂ ’ਤੇ ਵਿਦੇਸ਼ ਮੰਤਰਾਲੇ ਦੇ ਬੁਲਾਰਾ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨੀ ਜਹਾਜ਼ ਨੂੰ ਸੁੱਟਣ ਬਾਅਦ ਭਾਰਤ ਦਾ ਜੋ ਮਿੱਗ 21 ਜਹਾਜ਼ ਦੁਰਘਟਨਾਗ੍ਰਸਤ ਹੋਇਆ ਹੈ, ਉਸ ਦੇ ਪਾਇਲਟ ਅਭਿਨੰਦਨ ਬਾਰੇ ਹਾਲੇ ਤਕ ਕੁਝ ਪਤਾ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਉਹ ਤੱਥਾਂ ਦੀ ਜਾਂਚ ਕਰ ਰਹੇ ਹਨ।