ਫਿਰੋਜ਼ਪੁਰ: ਭਾਰਤ-ਪਾਕਿ ਵਿਚਾਲੇ ਵਧੇ ਤਣਾਓ ਦੇ ਚੱਲਦਿਆਂ ਬੀਐਸਐਫ ਤੇ ਪੁਲਿਸ ਵੱਲੋਂ ਚੱਪੇ-ਚੱਪੇ ਨੂੰ ਸੀਲ ਕੀਤਾ ਹੋਇਆ ਹੈ ਪਰ ਫਿਰੋਜ਼ਪੁਰ ਵਿੱਚ ਅੱਜ ਸਵੇਰੇ ਵੇਲੇ ਗੋਲੀਆਂ ਮਾਰ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ।
ਫਿਰੋਜ਼ਪੁਰ ਦੇ ਭੀੜ-ਭਾੜ ਵਾਲੇ ਇਲਾਕੇ ਬਾਂਸੀ ਗੇਟ ਵਿੱਚ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰੀਤਮ ਸਿੰਘ ਅਲੀ ਕੇ ਨੂੰ ਗੋਲੀਆਂ ਮਾਰ ਦਿੱਤੀਆਂ। ਪ੍ਰੀਤਮ ਸਿੰਘ ਨੂੰ ਜਿਸ ਵੇਲੇ ਗੋਲੀਆਂ ਮਾਰੀਆਂ ਉਸ ਵੇਲੇ ਉਹ ਬੱਚੇ ਨੂੰ ਸਕੂਲ ਛੱਡਣ ਆਇਆ ਸੀ।
ਚੌਕ 'ਤੇ ਭੀੜ ਹੋਣ ਕਰਕੇ ਕਿਸੇ ਵੀ ਪੁਲਿਸ ਮੁਲਾਜ਼ਮ ਦਾ ਨਾ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਇਹ ਵਾਰਦਾਤ ਪਿੱਛੇ ਗੈਂਗਸਟਰ ਹਨ। ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਇਸ ਵਾਰਦਾਤ ਨੂੰ ਗੈਂਗਸਟਰ ਹਰਭਜਨ ਰਾਣਾ ਦੇ ਸਾਥੀਆਂ ਨੇ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਗੈਂਗਸਟਰ ਹਰਭਜਨ ਰਾਣਾ ਨੂੰ ਘਰ ਵਿੱਚ ਮਾਰ ਮੁਕਾਇਆ ਸੀ, ਜਿਸ ਨੂੰ ਲੈ ਕੇ ਉਨ੍ਹਾਂ ਇਹ ਹਮਲਾ ਕੀਤਾ ਹੈ।