ਨਵੇਂ ਬਣੇ ਸਰਪੰਚ ਤੇ ਪੰਚ 11 ਤੇ 12 ਜਨਵਰੀ ਨੂੰ ਚੁੱਕਣਗੇ ਸਹੁੰ
ਏਬੀਪੀ ਸਾਂਝਾ | 08 Jan 2019 04:43 PM (IST)
ਚੰਡੀਗੜ੍ਹ: ਪੰਜਾਬ 'ਚ ਨਵੇਂ ਚੁਣੇ ਗਏ ਸਰਪੰਚਾਂ ਤੇ ਪੰਚਾਂ ਨੂੰ 11 ਤੇ 12 ਜਨਵਰੀ ਨੂੰ ਸਹੁੰ ਚੁਕਾਈ ਜਾਵੇਗੀ। ਇਹ ਜਾਣਕਾਰੀ ਪੰਜਾਬ ਦੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਿੱਤੀ। ਯਾਦ ਰਹੇ ਪੰਜਾਬ ਵਿੱਚ 30 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਈਆਂ ਹਨ। ਚੋਣਾਂ ਵਿੱਚ ਸੱਤਾ ਧਿਰ ਕਾਂਗਰਸ ਨੇ ਹੀ ਹੂੰਝਾ ਫੇਰਿਆ ਹੈ। ਬਾਜਵਾ ਨੇ ਦੱਸਿਆ ਕਿ ਸਰਬਸੰਮਤੀ ਨਾਲ ਬਣੇ ਤੇ 30 ਦਸੰਬਰ ਨੂੰ ਵੋਟਾਂ ਰਾਹੀਂ ਚੁਣੇ ਗਏ ਸਾਰੇ ਸਰਪੰਚਾਂ ਤੇ ਪੰਚਾਂ ਨੂੰ 11 ਤੇ 12 ਜਨਵਰੀ ਨੂੰ ਸਹੁੰ ਚੁਕਾਈ ਜਾਵੇਗੀ। ਕਾਂਗਰਸ ਨੇ ਦਾਅਵਾ ਕੀਤਾ ਸੀ ਕਿ 11,241 ਸਰਪੰਚ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਹਨ। ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਕ੍ਰਮਵਾਰ 981 ਤੇ 100 ਸਰਪੰਚ ਹੀ ਚੁਣੇ ਗਏ ਹਨ। 813 ਸਰਪੰਚ ਹੋਰ ਛੋਟੀਆਂ ਪਾਰਟੀਆਂ ਤੇ ਆਜ਼ਾਦ ਉਮੀਦਵਾਰ ਵਜੋਂ ਚੁਣੇ ਗਏ ਹਨ।