ਰੌਬ੍ਰਟ
ਚੰਡੀਗੜ੍ਹ: ਤਕਰੀਬਨ ਇੱਕ ਸਾਲ ਬਾਅਦ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕੋ ਸਟੇਜ ਤੇ ਇੱਕਠੇ ਹੋਏ। ਕਾਂਗਰਸ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਰੈਲੀਆਂ ਕਰ ਰਹੀ ਹੈ। ਇਨ੍ਹਾਂ ਰੈਲੀਆਂ 'ਚ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਸ਼ਾਮਲ ਹੋਏ। ਇਸ ਰੈਲੀ ਦੀ ਸ਼ੁਰੂਆਤ ਅੱਜ ਮੋਗਾ ਤੋਂ ਹੋਈ।
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ। ਭਾਸ਼ਣ ਦੇ ਵਿੱਚ ਹੀ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਉਨ੍ਹਾਂ ਦੇ ਕੋਲ ਆਏ ਤੇ ਡਾਇਸ ਤੇ ਇੱਕ ਪਰਚੀ ਰੱਖ ਕੇ ਵਾਪਸ ਜਾਣ ਲੱਗੇ, ਜਿਸ ਦੌਰਾਨ ਸਿੱਧੂ ਨੇ ਭਾਸ਼ਣ ਰੋਕ ਕੇ ਰੰਧਾਵਾ ਨੂੰ ਕਿਹਾ, ਅੱਜ ਨਾ ਰੋਕੋ.. ਮੰਤਰੀ ਨੇ ਹਰੀਸ਼ ਰਾਵਤ ਦਾ ਨਾਂ ਲੈ ਕੇ ਬਚਾਅ ਕੀਤਾ... ਸਿੱਧੂ ਨੇ ਕਿਹਾ ਘੋੜੇ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ...ਲੱਤ ਤੁਸੀਂ ਕਿਸੇ ਹੋਰ ਨੂੰ ਮਾਰਿਓ...ਵੈਸੇ ਵੀ ਇੰਨੇ ਟਾਇਮ ਤੋਂ ਬੈਠਾ ਹੀ ਰੱਖਿਆ ਸੀ।
ਮੰਚ ਤੇ ਲੱਗਾ ਮਾਇਕ ਔਨ ਸੀ ਤੇ ਸਿੱਧੂ ਦੀ ਇਹ ਗੱਲ ਰੈਲੀ ਦੇ ਆਏ ਲੋਕਾਂ ਤੱਕ ਵੀ ਪਹੁੰਚ ਗਈ। ਇਸ ਤੋਂ ਬਾਅਦ ਮੰਤਰੀ ਚੁੱਪ ਚਾਪ ਆਪਣੀ ਸੀਟ ਤੇ ਜਾ ਕੇ ਬੈਠ ਗਿਆ ਤੇ ਸਿੱਧੂ ਨੇ ਆਪਣਾ ਭਾਸ਼ਣ ਜਾਰੀ ਰੱਖਿਆ।ਇਹ ਸਭ ਕੁਝ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਨੇ ਵੀ ਸਟੇਜ ਤੇ ਵੇਖਿਆ ਤੇ ਸੁਣਿਆ। ਸਿੱਧੂ ਨੇ ਪਾਰਟੀ 'ਚ ਆਪਣੀ ਨਜ਼ਰਅੰਦਾਜ਼ੀ ਦਾ ਗੁੱਸਾ ਸਟੇਜ ਤੇ ਸਰੇਆਮ ਕੱਢਿਆ।