ਰਾਹੁਲ ਕਾਲਾ

ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਖੇਤੀ ਕਾਨੂੰਨ ਖਿਲਾਫ਼ ਅੱਜ ਮੋਗਾ 'ਚ ਟਰੈਕਟਰ ਰੈਲੀ ਕਰਨ ਜਾ ਰਹੇ ਹਨ। ਕਿਸਾਨ ਟਰੈਕਟਰ ਨੂੰ ਆਪਣੇ ਪੁੱਤਾਂ ਵਾਂਗ ਰੱਖਦਾ ਹੈ। ਇਸ ਲਈ ਹਰ ਸਿਆਸੀ ਲੀਡਰ ਖੇਤੀ ਕਾਨੂੰਨ ਖਿਲਾਫ਼ ਜਾਂ ਹੱਕ 'ਚ ਰੈਲੀ ਕੱਢਣ ਲਈ ਟਰੈਕਟਰ ਦੀ ਵਰਤੋਂ ਕਰਦਾ ਹੈ। ਇਸ ਤਹਿਤ ਅੱਜ ਰਾਹੁਲ ਗਾਂਧੀ ਵੀ ਪੰਜਾਬ 'ਚ ਤਿੰਨ ਦਿਨ ਟਰੈਕਟਰ ਰੈਲੀਆਂ ਕੱਢਣਗੇ।

ਬਹੁਤੇ ਸਿਆਸੀ ਲੀਡਰਾਂ ਕੋਲ ਜ਼ਮੀਨ ਬੇਸ਼ੱਕ ਕਈ ਏਕੜ ਹੁੰਦੀ ਹੋਵੇਗੀ ਪਰ ਇਨ੍ਹਾਂ ਵਿੱਚੋਂ ਕਈਆਂ ਨੇ ਕਦੀ ਖੇਤੀ ਨਹੀਂ ਕੀਤੀ। ਹੁਣ ਖੇਤੀ ਕਾਨੂੰਨ ਪਾਸ ਹੁੰਦੇ ਹੀ ਪੰਜਾਬ 'ਚ ਜਿਵੇਂ ਚੋਣ ਬਿਗੁਲ ਵੱਜ ਗਿਆ ਹੋਵੇ। ਵਿਧਾਨ ਸਭ ਦੀਆਂ ਚੋਣਾਂ ਤਾਂ ਬਿਹਾਰ 'ਚ ਹਨ ਪਰ ਮਾਹੌਲ ਪੰਜਾਬ 'ਚ ਭੱਖਦਾ ਜਾ ਰਿਹਾ ਹੈ। ਹਾਲਾਂਕਿ ਪੰਜਾਬ ਦੀਆਂ ਚੋਣਾਂ 2022 'ਚ ਹੋਣੀਆਂ ਹਨ। ਸ਼ਾਇਦ ਸਿਆਸੀ ਧਿਰਾਂ ਕਿਸਾਨੀ ਦੇ ਮੁੱਦੇ 'ਤੇ ਕੋਈ ਮੌਕਾ ਗਵਾਉਣਾ ਨਹੀਂ ਚਾਹੁੰਦੇ ਜਿਹੜਾ ਅਗਾਮੀ ਚੋਣਾਂ 'ਚ ਉਨ੍ਹਾਂ ਉੱਪਰ ਭਾਰੂ ਪੈ ਸਕੇ।

ਹੁਣ ਅਕਾਲੀ ਦਲ ਹੁਣ ਖੇਤੀ ਕਾਨੂੰਨ ਖਿਲਾਫ਼ ਪੰਜਾਬ ਦੀਆਂ ਸੜਕਾਂ 'ਤੇ ਨਿੱਤਰਿਆ ਹੋਇਆ ਜੋ ਪਹਿਲਾਂ ਖੇਤੀ ਆਰਡੀਨੈਂਸਾਂ ਦੇ ਸੋਹਲੇ ਗਾ-ਗਾ ਕੇ ਨਹੀਂ ਥੱਕਦਾ ਸੀ। ਇੱਥੇ ਤਕ ਕਿ ਪੰਜਾਬ ਵਿਧਾਨ ਸਭਾ ਦੇ 28 ਅਗਸਤ ਨੂੰ ਹੋਏ ਇਜਲਾਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਕੇਂਦਰ ਵੱਲੋਂ ਜਾਰੀ ਕੀਤੀ ਚਿੱਠੀ ਵੀ ਮੀਡੀਆ ਸਾਹਮਣੇ ਪੇਸ਼ ਕੀਤੀ ਸੀ। ਇਸ 'ਚ ਬਾਦਲ ਨੇ ਦਾਅਵਾ ਕੀਤਾ ਸੀ ਕਿ ਕੇਂਦਰ ਨੇ ਉਨ੍ਹਾਂ ਨੂੰ ਵਿਸ਼ਵਾਸ਼ ਦਵਾਇਆ ਹੈ ਕਿ ਨਾਂ ਤਾ ਮੰਡੀ ਢਾਂਚਾ ਖ਼ਤਮ ਹੋਵੇਗਾ ਤੇ ਨਾਂ ਹੀ ਐਮਐਸਪੀ ਖ਼ਤਮ ਹੋਵੇਗੀ ਪਰ ਅੱਜ ਅਕਾਲੀ ਦਲ ਕੇਂਦਰ ਨਾਲੋ ਨਾਤਾ ਤੋੜ ਕੇ ਖੇਤੀ ਐਕਟ ਖਿਲਾਫ਼ ਨਿੱਤਰਿਆ ਹੋਇਆ ਹੈ।

ਕਿਸਾਨੀ ਨੂੰ ਬਚਾਉਣ ਲਈ ਅੱਜ ਜ਼ਿੰਮੇਵਾਰੀ ਕਾਂਗਰਸ ਨੇ ਸੰਭਾਲੀ ਹੈ। ਮੋਗਾ 'ਚ ਰਾਹੁਲ ਗਾਂਧੀ ਦਾ ਉੱਚਾ ਲੰਬਾ ਬੁੱਤ ਸਜਾਇਆ ਹੋਇਆ ਹੈ। ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਤੇ ਲੀਡਰ ਪਹੁੰਚ ਰਹੇ ਹਨ। ਇੱਕ ਸਾਲ ਤੋਂ ਸਿਆਸੀ ਦੂਰੀ ਬਣਾਏ ਨਵਜੋਤ ਸਿੱਧੂ ਵੀ ਅੱਜ ਇਕੱਠ 'ਚ ਨਜ਼ਰ ਆਉਣਗੇ। ਅੱਜ ਰਾਹੁਲ ਗਾਂਧੀ ਟਰੈਕਟਰ 'ਤੇ ਬੈਠ ਕੇ ਮੋਗਾ 'ਚ ਰੈਲੀ ਕਰਨਗੇ। ਇਸ ਤੋਂ ਪਹਿਲਾਂ ਅਕਾਲੀ ਦਲ ਵੀ ਵਿਸ਼ਾਲ ਕਿਸਾਨ ਮਾਰਚ ਕੱਢ ਚੁੱਕਿਆ ਹੈ। ਬੀਜੇਪੀ ਖੇਤੀ ਕਾਨੂੰਨ ਦੇ ਹੱਕ 'ਚ ਟਰੈਕਟਰ ਯਾਤਰਾ ਕਰ ਚੱਕੀ ਹੈ। ਉਧਰ, ਆਮ ਆਦਮੀ ਪਾਰਟੀ ਇਨ੍ਹਾਂ ਸਾਰੀਆਂ ਧਿਰਾਂ ਤੋਂ ਉਲਟ ਪਿੰਡ-ਪਿੰਡ ਜਾਂ ਕੇ ਗ੍ਰਾਮ ਸਭਾਵਾਂ ਤਕ ਪਹੁੰਚ ਕਰ ਰਹੀ ਹੈ ਤੇ ਪੰਚਾਇਤਾਂ ਤੋਂ ਖੇਤੀ ਐਕਟ ਖਿਲਾਫ਼ ਮਤੇ ਪਾਸ ਕਰਵਾ ਰਹੀ ਹੈ।

ਹਾਲਾਂਕਿ ਕਿਸਾਨ ਇਸ ਨੂੰ ਸਿਰਫ਼ ਸਿਆਸੀ ਸਟੰਟ ਹੀ ਦੱਸ ਰਹੇ ਹਨ। ਕਿਸਾਨਾਂ ਨੂੰ ਇਹਨਾਂ 'ਤੇ ਯਕੀਨ ਨਹੀਂ ਹੈ। ਕਿਸਾਨਾਂ ਨੇ ਤਾਂ ਆਪਣੇ ਹਰ ਅੰਦੋਲਨ 'ਚ ਸਿਆਸੀ ਲੀਡਰਾਂ ਦੇ ਆਉਣ 'ਤੇ ਬੈਨ ਲਾਇਆ ਹੋਇਆ। ਇੱਥੇ ਤਕ ਕਿ ਕਿਸਾਨ ਜਥੇਬੰਦੀਆਂ ਤਾਂ ਬੀਜੇਪੀ ਲੀਡਰਾਂ ਦੇ ਘਰਾਂ ਬਾਹਰ ਮੋਰਚੇ ਵੀ ਖੋਲ੍ਹੀ ਬੈਠੀਆਂ ਹਨ।