Punjab News: (ਸਚਿਨ ਕੁਮਾਰ) ਨਸ਼ਾ ਤਸਕਰੀ ਦੇ ਦੋਸ਼ 'ਚ ਬਰਖਾਸਤ ਕੀਤੇ ਗਏ ਥਾਣੇਦਾਰ ਇੰਦਰਜੀਤ ਸਿੰਘ ਦੇ ਮਾਮਲੇ 'ਚ ਪੰਜਾਬ ਦੇ ਗ੍ਰਹਿ ਵਿਭਾਗ ਨੇ ਡੀ.ਜੀ.ਪੀ.ਪੰਜਾਬ ਨੂੰ ਇੱਕ ਹੋਰ ਪੱਤਰ ਲਿਖਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਡੀ.ਜੀ.ਪੀ. ਨੇ ਪਿਛਲੇ ਪੱਤਰ ਵਿੱਚ ਇੰਦਰਜੀਤ ਸਿੰਘ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ


ਪੱਤਰ ਵਿੱਚ ਕਿਹਾ ਗਿਆ ਹੈ ਕਿ ਤਰਨਤਾਰਨ ਅਤੇ ਹੁਸ਼ਿਆਰਪੁਰ ਵਿੱਚ ਇੰਦਰਜੀਤ ਨੂੰ ਤਾਇਨਾਤ ਕਰਨ ਵਾਲੇ ਅਧਿਕਾਰੀ ਦਾ ਨਾਂ ਦੱਸਿਆ ਜਾਵੇ। ਇਹ ਵੀ ਕਿਹਾ ਗਿਆ ਹੈ ਕਿ ਵਿਭਾਗੀ ਜਾਂਚ ਵਿੱਚ ਇੰਦਰਜੀਤ ਨੂੰ ਕਲੀਨ ਚਿੱਟ ਦੇਣ ਵਾਲੇ ਅਫ਼ਸਰਾਂ ਦੇ ਨਾਅ ਵੀ ਦੱਸੇ ਜਾਣ। ਇਸ ਦੇ ਨਾਲ ਹੀ ਪੱਤਰ ਲਿਖ ਕੇ ਕਿਹਾ ਕਿ ਡੀਜੀਪੀ ਨੇ 20 ਅਪ੍ਰੈਲ ਨੂੰ ਦਿੱਤੀ ਚਿੱਠੀ ਵਿੱਚ ਇੰਦਰਜੀਤ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਸੀ।


ਬਰਖ਼ਾਸਤ ਕੀਤੇ ਗਏ ਅਧਿਕਾਰੀ ਇੰਦਰਜੀਤ ਸਿੰਘ ’ਤੇ ਦੋਸ਼ ਹੈ ਕਿ ਉਹ ਬੇਕਸੂਰਾਂ ਨੂੰ ਨਸ਼ਾ ਤਸਕਰੀ ਦੇ ਝੂਠੇ ਕੇਸਾਂ ’ਚ ਫਸਾਉਣ ਦਾ ਧੰਦਾ ਚਲਾਉਂਦਾ ਸੀ। ਉਸ ’ਤੇ ਦੋਸ਼ ਲੱਗਾ ਹੈ ਕਿ ਉਹ ਪਾਕਿਸਤਾਨ ਤੋਂ ਤਸਕਰੀ ਰਾਹੀਂ ਨਸ਼ੇ ਮੰਗਵਾਉਂਦਾ ਸੀ ਅਤੇ ਪੈਸੇ ਉਗਰਾਹੁਣ ਲਈ ਬੇਕਸੂਰਾਂ ਨੂੰ ਨਸ਼ਿਆਂ ਦੇ ਮਾਮਲੇ ’ਚ ਫਸਾਉਂਦਾ ਸੀ ਜਾਂ ਨਸ਼ੇ ਵੇਚਣ ਲਈ ਮਜਬੂਰ ਕਰਦਾ ਸੀ। ਉਹ ਫੋਰੈਂਸਿਕ ਸਾਇੰਸ ਲੈਬਰਾਰਟਰੀ ਦੇ ਮੁਲਾਜ਼ਮਾਂ ਨਾਲ ਗੰਢਤੁੱਪ ਕਰਕੇ ਤਸਕਰਾਂ ਦੀ ਰਿਹਾਈ ਕਿਸੇ ਨਾ ਕਿਸੇ ਤਰੀਕੇ ਨਾਲ ਯਕੀਨੀ ਬਣਾਉਂਦਾ ਸੀ। 


ਜ਼ਿਕਰਯੋਗ ਹੈ ਕਿ ਇੰਦਰਜੀਤ ਸਿੰਘ ’ਤੇ ਦੋਸ਼ ਹੈ ਕਿ ਉਹ ਆਪਣੇ ਸਾਥੀਆਂ ਮਰਹੂਮ ਗੁਰਜੀਤ ਸਿੰਘ, ਸਾਹਬ ਸਿੰਘ, ਦਲਬੀਰ ਸਿੰਘ ਤੇ ਬਰਖਾਸਤ ਬੀਐਸਐਫ ਜਵਾਨ ਸੁਰੇਸ਼ ਕੁਮਾਰ ਤਿਆਗੀ ਆਦਿ ਤਸਕਰਾਂ ਦੀ ਸਹਾਇਤਾ ਨਾਲ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਮੰਗਵਾਉਂਦਾ ਸੀ। ਰਿਪੋਰਟ ਅਨੁਸਾਰ ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਇੰਦਰਜੀਤ ਸਿੰਘ (ਓਆਰਪੀ/ ਇੰਸਪੈਕਟਰ, ਹੁਣ ਬਰਖਾਸਤ) ਨੇ ਕਈ ਤਸਕਰਾਂ ਤੇ ਇੱਕ ਹੋਰ ਵਿਅਕਤੀ ਤੋਂ ਵਸੂਲੀ ਕੀਤੀ। ਸਿਟ ਦੀ ਪੜਤਾਲ ’ਚ ਇਹ ਵੀ ਸਾਹਮਣੇ ਆਇਆ ਕਿ ਅਜਿਹੇ ਕਈ ਅਫਸਰ ਜਿਨ੍ਹਾਂ ਨੇ ਸਮੇਂ-ਸਮੇਂ ’ਤੇ ਇੰਦਰਜੀਤ ਸਿੰਘ ਨੂੰ ਆਪਣੇ ਅਧੀਨ ਤਾਇਨਾਤ ਕੀਤਾ, ਉਸ ਦੀ ਉਨ੍ਹਾਂ ਅਫਸਰਾਂ ਨਾਲ ਵੀ ਮਿਲੀਭੁਗਤ ਰਹੀ ਤੇ ਇਹ ਵੱਖਰੀ ਜਾਂਚ ਦਾ ਵਿਸ਼ਾ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :