Jassa Singh Ramgarhia: ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੀ ਸ੍ਰੀ ਹਰਗੋਬਿੰਦਪੁਰ ਸਥਿਤ ਹਵੇਲੀ ਨੂੰ ਢਹਿ-ਢੇਰੀ ਕਰਨ ਦਾ ਮਾਮਲਾ ਭੱਖ ਗਿਆ ਹੈ। ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਜੱਸਾ ਸਿੰਘ ਰਾਮਗੜ੍ਹੀਆ ਦੇ ਨਿਵਾਸ ਸਥਾਨ ਦੇ ਦੌਰੇ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਹਾਨ ਜਰਨੈਲ ਦੀਆਂ ਪੁਰਾਤਨ ਨਿਸ਼ਾਨੀਆਂ ਬਚਾਉਣ ਲਈ ਯਤਨ ਕੀਤੇ ਜਾਣ। ਹੁਣ ਇਸ ਮਾਮਲੇ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ। ਪ੍ਰਸ਼ਾਸਨ ਵੱਲੋਂ ਜੱਸਾ ਸਿੰਘ ਰਾਮਗੜ੍ਹੀਆ ਦੀ ਹਵੇਲੀ ਢਾਹੁਣ ’ਤੇ ਰੋਕ ਲਗਾਉਣ ਦਾ ਸਮਾਚਾਰ ਸਾਹਮਣੇ ਆਇਆ ਹੈ।


ਪ੍ਰਸ਼ਾਸਨ ਵੱਲੋਂ ਰੋਕ


ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੀ ਸ੍ਰੀ ਹਰਗੋਬਿੰਦਪੁਰ ਵਿਚਲੀ ਹਵੇਲੀ ਢਾਹੁਣ ’ਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਰੋਕ ਲਾ ਦਿੱਤੀ ਹੈ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ 18ਵੀਂ ਸਦੀ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ ਸ੍ਰੀ ਹਰਗੋਬਿੰਦਪੁਰ ਸਾਹਿਬ ਸਥਿਤ ਨਿਵਾਸ ਸਥਾਨ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਣ ਲਈ ਚਾਰਾਜੋਈ ਕੀਤੀ ਜਾਵੇ, ਕਿਉਂਕਿ ਇਸ ਰਿਹਾਇਸ਼ ਦੀਆਂ ਕੰਧਾਂ ’ਤੇ ਦੁਰਲੱਭ ਚਿੱਤਰ ਦੇਖੇ ਜਾ ਸਕਦੇ ਹਨ।


ਆਉਣ ਵਾਲੀ ਪੀੜ੍ਹੀ ਲਈ ਸੰਭਾਲ ਜ਼ਰੂਰੀ ਹੈ


ਵਿਰਾਸਤੀ ਮੰਚ ਬਟਾਲਾ ਦੇ ਬੁਲਾਰੇ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਰਾਮਗੜ੍ਹੀਆ ਸਿੱਖ ਹੈਰੀਟੇਜ ਟਰੱਸਟ ਦੇ ਅਹੁਦੇਦਾਰਾਂ ਨੇ 9 ਮਈ ਨੂੰ ਹਵੇਲੀ ਬਚਾਉਣ ਲਈ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਨਾਲ ਸ੍ਰੀ ਹਰਗੋਬਿੰਦਪੁਰ ’ਚ ਇੱਕ ਮੀਟਿੰਗ ਰੱਖੀ ਹੈ। ਮੀਟਿੰਗ ਵਿੱਚ ਇਸ ਪੁਰਾਤਨ ਇਮਾਰਤ ਦੀਆਂ ਬਚੀਆਂ ਨਿਸ਼ਾਨੀਆਂ ਨੂੰ ਸੰਭਾਲਣ ਲਈ ਕੋਈ ਵਿਚਲਾ ਰਾਹ ਕੱਢਣ ’ਤੇ ਚਰਚਾ ਕੀਤੀ ਜਾਵੇਗੀ। ਸ੍ਰੀ ਹਰਪੁਰਾ ਨੇ ਦੱਸਿਆ ਕਿ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੀ ਰਿਹਾਇਸ਼ ਦੀਆਂ ਕੰਧਾਂ ’ਤੇ ਕਾਲੇ ਰੰਗ ਦੀਆਂ ਇੱਟਾਂ ਦੇ ਇੱਕ ਕੁੱਤੇ ਦਾ ਦੁਰਲੱਭ ਚਿੱਤਰ ਮਿਲਿਆ ਹੈ। ਇਸ ਤੋਂ ਇਲਾਵਾ ਇਮਾਰਤ ਦੀਆਂ ਹੋਰ ਕੰਧਾਂ ’ਤੇ ਅਜਿਹੇ ਹੋਰ ਚਿੱਤਰ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਰਿਹਾਇਸ਼ ਵਿੱਚ ਹੋਰ ਵੀ ਪੁਰਾਨਤ ਨਿਸ਼ਾਨੀਆਂ ਹਨ, ਜਿਨ੍ਹਾਂ ਦੀ ਆਉਣ ਵਾਲੀ ਪੀੜ੍ਹੀ ਲਈ ਸੰਭਾਲ ਜ਼ਰੂਰੀ ਹੈ। 


ਵਿਰਾਸਤੀ ਮੰਚ ਬਟਾਲਾ ਦੇ ਬੁਲਾਰੇ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਸਿੱਖ ਮਿਸਲਾਂ ਦੇ ਦੌਰ ਦੌਰਾਨ ਸ੍ਰੀ ਹਰਗੋਬਿੰਦਪੁਰ ਸਾਹਿਬ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੀ ਰਾਜਧਾਨੀ ਰਿਹਾ ਹੈ। ਇੱਥੇ ਹੀ ਜੱਸਾ ਸਿੰਘ ਰਾਮਗੜ੍ਹੀਆ ਦਾ ਨਿਵਾਸ ਸਥਾਨ ਸੀ, ਜੋ ਅੱਜ ਵੀ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਸੰਨ 1803 ਵਿੱਚ ਇੱਥੇ ਹੀ ਜੱਸਾ ਸਿੰਘ ਰਾਮਗੜ੍ਹੀਆ ਦਾ ਅਕਾਲ ਚਲਾਣਾ ਹੋਇਆ ਸੀ।