ਪਰਮਜੀਤ ਸਿੰਘ
ਲਾਹੌਰ ਤੇ ਅੰਮ੍ਰਿਤਸਰ ਦੇ ਦਰਮਿਆਨ ਪੁਲ ਮੋਰਾਂ ਨੂੰ ਪੁਲ ਕੰਜਰੀ ਦੇ ਨਾਂ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ। ਮਾਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਨਾਲ ਇਸ ਥਾਂ ਦਾ ਬਹੁਤ ਹੀ ਅਹਿਮ ਕਿੱਸਾ ਜੁੜਿਆ ਹੋਇਆ ਹੈ। ਮਾਹਾਰਾਜਾ ਰਣਜੀਤ ਸਿੰਘ ਆਪਣੀ ਸ਼ਾਹੀ ਸੈਨਾ ਤੇ ਨੌਕਰ-ਚਾਕਰਾਂ ਨਾਲ ਅਕਸਰ ਹੀ ਇੱਥੇ ਅਰਾਮ ਕਰਿਆ ਕਰਦੇ ਸੀ।
ਇੱਕ ਵਾਰ ਇਤਫਾਕਨ ਹੀ ਮਾਹਾਰਾਜੇ ਨੂੰ ਉਸ ਵੇਲੇ ਦੀ ਪ੍ਰਸਿੱਧ ਨਾਚੀ ਮੋਰਾਂ ਦਾ ਨਾਚ ਵੇਖਣ ਨੂੰ ਮਿਲਿਆ। ਮੋਰਾਂ ਦੀ ਖੂਬਸੂਰਤੀ ਦੇ ਚਰਚੇ ਪੂਰੇ ਲਾਹੌਰ ਵਿੱਚ ਸਨ। ਮਾਹਾਰਾਜਾ ਰਣਜੀਤ ਸਿੰਘ ਦਾ ਦਿਲ ਜਿੱਤਣ ਲਈ ਉਸ ਇੱਕ ਝਲਕ ਹੀ ਕਾਫੀ ਸੀ। ਕਹਿੰਦੇ ਹਨ ਕੇ ਜਦੋਂ ਮੋਰਾਂ ਨੱਚਦੀ ਸੀ ਤੇ ਦੇਖਣ ਵਾਲਿਆਂ ਨੂੰ ਇੰਝ ਲੱਗਦਾ ਮੰਨੋ ਕੋਈ ਮੋਰ ਨੱਚ ਰਿਹਾ ਹੋਵੇ। ਇਸੇ ਲਈ ਨਾਮ ਮੋਰਾਂ ਸੀ ਯਾਨੀ ਮੋਰ ਵਰਗੀ।
ਇਹ ਵੀ ਕਿਹਾ ਜਾਂਦਾ ਹੈ ਕਿ ਇੱਕ ਵਾਰ ਮੋਰਾਂ ਦੀ ਚਾਂਦੀ ਦੀ ਜੁੱਤੀ ਮਾਹਾਰਾਜਾ ਦੇ ਦਰਬਾਰ ਵਿੱਚ ਜਾਂਦੇ ਸਮੇਂ ਨਹਿਰ ਨੂੰ ਪਾਰ ਕਰਦਿਆਂ ਡਿੱਗ ਗਈ। ਇਹ ਨਹਿਰ ਕਿਸੇ ਸਮੇਂ ਮੁਗਲ ਬਾਦਸ਼ਾਹ ਸ਼ਾਹਜਹਾਂ ਦੁਆਰਾ ਸ਼ਾਲੀਮਾਰ ਬਾਗ ਦੀ ਸਿੰਚਾਈ ਲਈ ਬਣਾਈ ਗਈ ਸੀ। ਸੋ ਨਿਰਾਸ਼ਾ ਦੀ ਹਾਲਤ ‘ਚ ਮੋਰਾਂ ਨੇ ਮਾਹਾਰਾਜੇ ਅੱਗੇ ਨੱਚਣ ਤੋਂ ਇਨਕਾਰ ਕਰ ਦਿੱਤਾ। ਮਾਹਾਰਾਜੇ ਨੇ ਤੁਰੰਤ ਇਸ ਨਹਿਰ 'ਤੇ ਪੁਲ ਦੀ ਉਸਾਰੀ ਕਰਵਾ ਦਿੱਤੀ।
ਇਤਿਹਾਸਕਾਰਾਂ ਦਾ ਕਹਿਣਾ ਹੈ ਬੇਸ਼ਕ ਮੋਰਾਂ ਮਾਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਨਜ਼ਦੀਕ ਸੀ ਪਰ ਫਿਰ ਵੀ ਉਹ ਕਦੇ ਰਾਣੀ ਦਾ ਖਿਤਾਬ ਹਾਸਲ ਨਾ ਕਰ ਸਕੀ। ਅਜਿਹੇ ਕਈ ਹਵਾਲੇ ਮਿਲਦੇ ਹਨ ਕਿ ਮਾਹਾਰਾਜੇ ਨੇ ਮੋਰਾਂ ਨਾਲ ਵਿਆਹ ਕਰਵਾ ਲਿਆ ਸੀ ਪਰ ਇਨ੍ਹਾਂ ਦੀ ਪੁਸ਼ਟੀ ਕਰਨਾ ਮੁਮਕਿਨ ਨਹੀਂ।
ਬੇਸ਼ੱਕ ਮਾਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ‘ਚ ਬਿਨ੍ਹਾਂ ਕਿਸੇ ਭੇਦ ਭਾਵ, ਊਚ ਨੀਚ, ਜਾਤੀਵਾਦ ਤੋਂ ਉੱਪਰ ਉੱਠ ਕੇ ਮੋਰਾਂ ਨਾਲ ਵਿਆਹ ਰਚਾਇਆ ਤੇ ਮਨੁੱਖੀ ਏਕਤਾਦੀ ਵੀ ਗੱਲ ਕੀਤੀ ਪਰ ਲੋਕ ਮਨਾਂ ਨੇ ਮਾਹਾਰਾਜਾ ਰਣਜੀਤ ਸਿੰਘ ਦੇ ਇਸ ਕਾਰਜ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ। ਮੋਰਾਂ ਤੇ ਮਾਹਾਰਾਜੇ ਦੀ ਯਾਦਗਾਰ ਦਾ ਨਾਮ ਪੁਲ ਕੰਜਰੀ ਰੱਖ ਦਿੱਤਾ। ਜੇਕਰ ਸਵੀਕਾਰ ਕੀਤਾ ਹੁੰਦਾ ਤਾਂ ਇਸ ਦਾ ਨਾਮ ਕਦੇ ਪੁੱਲ ਕੰਜਰੀ ਨਾ ਹੁੰਦਾ।
ਇਸ ਸਭ ਦੇ ਬਾਵਜੂਦ ਮੋਰਾਂ ਮਾਹਾਰਾਜੇ ਦੇ ਸਭ ਤੋਂ ਕਰੀਬ ਰਹੀ ਤੇ ਕਈ ਬਖਸ਼ਿਸ਼ਾਂ ਵੀ ਮਾਹਾਰਾਜੇ ਤੋਂ ਪ੍ਰਾਪਤ ਕੀਤੀਆਂ। ਇੱਥੋਂ ਤੱਕ ਮਾਹਾਰਾਜੇ ਨਾਲ ਬੇਪਰਦਾ ਹੋ ਕੇ ਹਾਥੀ ਘੋੜੇ ਤੇ ਸਵਾਰੀ ਵੀ ਕੀਤੀ ਜੋ ਅੱਜ ਤੱਕ ਕਦੇ ਕਿਸੇ ਨੂੰ ਨਸੀਬ ਨਾ ਹੋਈ।
ਸਿੱਖ ਰਹਿਤ ਮਰਿਯਾਦਾ ਖਿਲਾਫ ਭੁਗਤਣ ਲਈ ਮਾਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਵੀ ਕੀਤਾ ਗਿਆ। ਮਾਹਾਰਾਜੇ ਨੇ ਨਿਉਂਦੇ ਹੋਏ ਜੋ ਵੀ ਸਜ਼ਾ ਮਿਲੀ ਉਸ ਨੂੰ ਖਿੜ੍ਹੇ ਮੱਥੇ ਪ੍ਰਵਾਨ ਕੀਤਾ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਭਾਵੇਂ ਸਿੱਖ ਹਲਕਿਆਂ ‘ਚ ਇਸ ਗੱਲ ਦਾ ਬਹੁਤ ਵੱਡੀ ਪੱਧਰ ਤੇ ਵਿਰੋਧ ਹੋਇਆ ਪਰ ਫਿਰ ਵੀ ਮਾਹਾਰਾਜੇ ਦੀ ਇਹ ਖੂਬਸੂਰਤੀ ਸੀ ਕਿ ਉਸ ਨੂੰ ਜੋ ਵੀ ਸਜ਼ਾ ਮਿਲੀ, ਉਸ ਨੂੰ ਨਿਉਂ ਕੇ ਖਿੜ੍ਹੇ ਮੱਥੇ ਸਵੀਕਾਰ ਕਰ ਲਿਆ।
ਲਾਹੌਰ ਦੀ ਸ਼ਾਹ ਆਲਮ ਮਾਰਕਿਟ ਦੇ ਪਾਪੜ ਬਾਜ਼ਾਰ ‘ਚ ਸਥਿਤ ‘ਮੋਰਾਂਵਾਲੀ ਮਸਜਿਦ’ ਜਿਸ ਨੂੰ ਮੋਰਾਂ ਨੇ ਆਪਣੀ ਹਵੇਲੀ ਦੇ ਸਾਹਮਣੇ ਬਣਵਾਇਆ। ਮਾਈ ਮੋਰਾਂ ਜਿੱਥੇ ਸੌ ਸਾਲ ਪਹਿਲਾਂ ਰਹਿੰਦੀ ਸੀ, ਉੱਥੇ ਹੁਣ ਉੱਚੀਆਂ ਉੱਚੀਆਂ ਇਮਾਰਤਾਂ ਹਨ। ਮੋਰਾਂਵਾਲੀ ਮਸਜਿਦ ਨੂੰ ਅੱਜ ਵੀ ਜਾਮਾਂ ਮਸਜ਼ਿਦ ਦਾ ਦਰਜਾ ਪ੍ਰਾਪਤ ਹੈ ਜਿੱਥੇ ਰੋਜ਼ਾਨਾ ਵੱਡੀ ਗਿਣਤੀ ‘ਚ ਨਮਾਜ਼ੀ ਨਮਾਜ਼ ਅਦਾ ਕਰਨ ਲਈ ਆਉਂਦੇ ਹਨ।
ਬਾਹਰਲੇ ਦਰਵਾਜ਼ੇ ਤੇ ਮਾਈ ਮੋਰਾਂ ਦੀ ਮਸਜ਼ਿਦ ਲਿਖਿਆ ਹੋਇਆ ਹੈ। ਅੰਦਰਲਾ ਮਾਹੌਲ ਮਾਈ ਮੋਰਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦਾ ਹੈ। ਛੱਤ ਤੋਂ ਦੇਖਿਆਂ ਚਿੱਟੇ ਗੁਬੰਦ ਤੇ ਆਲਾ ਦੁਆਲਾ ਨਜ਼ਰੀ ਪੈਂਦਾ ਹੈ। ਮਸਜਿਦ ਦੇ ਬਾਹਰ ਵਾਲਾ ਬਾਜ਼ਾਰ ਪਹਿਲੀ ਨਜ਼ਰੇ ਅੰਮ੍ਰਿਤਸਰ ਦਾ ਭੁਲੇਖਾ ਪਾਉਂਦਾ ਹੈ। ਮਸਜ਼ਿਦ ਦੀ ਸਾਂਭ-ਸੰਭਾਲ ਕਰਨ ਵਾਲੇ ਫਾਰੁਖ ਅਬਦੁੱਲਾ ਦਾ ਕਹਿਣਾ ਹੈ ਕਿ ਮਸਜਿਦ ਤਕਰੀਬਨ ਅੱਜ ਵੀ ਆਪਣੀ ਪੁਰਾਤਨ ਹਾਲਤ ‘ਚ ਮੌਜੂਦ ਹੈ। ਇਸ ਨਾਲ ਜ਼ਿਆਦਾ ਛੇੜ-ਛਾੜ ਨਹੀਂ ਕੀਤੀ ਗਈ।
ਇਸ ਤੋਂ ਇਲਾਵਾ ਮੋਰਾਂ ਦੇ ਦੁਆਰਾ ਇੱਕ ਮਦਰੱਸਾ ਵੀ ਤਿਆਰ ਕਰਵਾਇਆ ਗਿਆ ਸੀ। ਮਦਰੱਸਾ ਬਣਨ ਨਾਲ ਫਰਾਸੀ ਤੇ ਅਰਬੀ ਦੀ ਉਚੇਰੀ ਸਿੱਖਿਆ ਲਈ ਸਿਖਿਆਰਥੀਆਂ ਨੂੰ ਕਾਫੀ ਲਾਭ ਮਿਲਿਆ। ਸੋ ਇਸ ਤਰ੍ਹਾਂ ਮਾਈ ਮੋਰਾਂ ਗਰੀਬਾਂ ਦੀ ਵੀ ਆਵਾਜ਼ ਬਣ ਚੁੱਕੀ ਸੀ। ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਮੋਰਾਂ ਨੇ ਮਾਹਾਰਾਜਾ ਰਣਜੀਤ ਸਿੰਘ ਨਾਲ ਸਲਾਹਾਕਾਰ ਦੇ ਤੌਰ ਤੇ ਵੀ ਕੰਮ ਕੀਤਾ।
ਅਪਣੀ ਬੁਲੰਦੀ ਦੇ ਦੌਰ ‘ਚ ਮਾਹਾਰਾਜਾ ਰਣਜੀਤ ਸਿੰਘ ਦਾ ਸਾਮਰਾਜ ਇੱਕ ਪਾਸੇ ਖੈਬਰ ਤੇ ਦੂਜੇ ਪਾਸੇ ਕਸ਼ਮੀਰ ਤੱਕ ਫੈਲਿਆ ਹੋਇਆ ਸੀ। ਸੋ ਇਸ ਗੱਲ ‘ਚ ਕੋਈ ਅਤਕਥਨੀ ਨਹੀਂ ਕਿ ਮਾਹਾਰਾਜੇ ਦੇ ਨਾਲ ਮੋਰਾਂ ਮਾਈ ਨੇ ਵੀ ਇਸ ਸਾਮਰਾਜ ‘ਤੇ ਰਾਜ ਕੀਤਾ। ਸੋ ਮੋਰਾਂ ਮਾਈ ਨੇ ਆਪਣੀ ਜ਼ਿੰਦਗੀ ਨੂੰ ਜਿੰਨੇ ਸ਼ਾਨਦਾਰ ਤਰੀਕੇ ਨਾਲ ਜੀਵਿਆ, ਆਪਣੀ ਮੌਤ ਤੋਂ ਬਾਅਦ ਉਹ ਓਨੀ ਹੀ ਗੁੰਮਨਾਮ ਹੋ ਗਈ।
ਅਟਾਰੀ ਵਾਹਗਾ ਸਰਹਾਦ ਤੋਂ ਭਾਰਤ ਪ੍ਰਵੇਸ਼ ਕਰਦਿਆਂ ਜੇ ਕੋਈ ਪਹਿਲੀ ਵਿਰਾਸਤੀ ਇਮਾਰਤ ਦੇਖਣ ਨੂੰ ਮਿਲਦੀ ਹੈ ਤਾਂ ਉਹ ਹੈ ‘ਪੁਲ ਮੋਰਾਂ’ ਜਿਸ ਨਹਿਰ ‘ਚ ਮੋਰਾਂ ਦੀ ਜੁੱਤੀ ਡਿੱਗੀ। ਅੱਜ ਉਸ ਦਾ ਨਾਮੋ ਨਿਸ਼ਾਨ ਨਹੀਂ ਕਿਉਂ ਕਿ ਰਾਵੀ ਨੇ ਵੀ ਆਪਣਾ ਵਹਾਅ ਬਦਲ ਲਿਆ ਹੈ। 1947 ਦੀ ਵੰਡ ਤੋਂ ਬਾਅਦ ਇਸ ਸਰਹੱਦੀ ਇਲਾਕੇ ‘ਚ ਅਨੇਕਾਂ ਤਬਦੀਲੀਆਂ ਆਈਆਂ ਪਰ ਅੱਜ ਵੀ ਇਹ ਥਾਂ ਮਾਹਾਰਾਜਾ ਰਣਜੀਤ ਸਿੰਘ ਤੇ ਮਾਈ ਮੋਰਾਂ ਦੀ ਯਾਦ ਨੂੰ ਤਾਜ਼ਾ ਕਰਦੀ ਹੈ।
ਇਹ ਵੀ ਪੜ੍ਹੋ: ਹੁਣ ਪੂਰੀ ਤਰ੍ਹਾਂ ਅਨਲੌਕ ਹੋਇਆ ਯੂਪੀ, ਸਾਰੇ ਜ਼ਿਲ੍ਹਿਆਂ ਤੋਂ ਹਟਾਇਆ ਕੋਰੋਨਾ ਕਰਫਿਊ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904