ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਰਡੀਨੈਂਸਾਂ ਖਿਲਾਫ਼ ਸਰਬ ਪਾਰਟੀ ਮੀਟਿੰਗ ਤੇ ਕਿਸਾਨ ਜਥੇਬੰਦੀਆਂ ਨਾਲ ਬੈਠਕ ਦੌਰਾਨ ਵੀ ਆਰਡੀਨੈਂਸਾਂ ਖਿਲਾਫ਼ ਮਤੇ ਪਵਾਏ ਸਨ। ਕਿਸਾਨ ਜਥੇਬੰਦੀਆਂ ਤੇ ਬਾਕੀ ਵਿਰੋਧੀ ਪਾਰਟੀਆਂ ਵਿਧਾਨ ਸਭਾ ਵਿੱਚ ਮਤਾ ਲਿਆਉਣ ਦੀ ਲਗਾਤਾਰ ਮੰਗ ਕਰਦੀਆਂ ਆ ਰਹੀਆਂ ਹਨ।
ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਵਿੱਚ ਖੁਦ ਮਤਾ ਪੇਸ਼ ਕਰਨਗੇ। ਇਹ ਵੀ ਅਹਿਮ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਹੀ ਆਰਡੀਨੈਂਸਾਂ ਦਾ ਸਮਰਥਨ ਕਰਦੀਆਂ ਆ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਛੱਡ ਕੇ ਬਾਕੀ ਧਿਰਾਂ ਆਰਡੀਨੈਂਸਾਂ ਖਿਲਾਫ਼ ਖੁੱਲ੍ਹ ਕੇ ਸਾਹਮਣੇ ਆਈਆਂ ਹਨ। ਕਿਸਾਨ ਜਥੇਬੰਦੀਆਂ ਨੇ ਤਾਂ ਅਕਾਲੀ-ਭਾਜਪਾ ਆਗੂਆਂ ਦੇ ਘਰਾਂ ਵੱਲ ਮਾਰਚ ਕੀਤੇ ਸਨ ਤੇ ਉਨ੍ਹਾਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਦਾ ਸੱਦਾ ਦਿੱਤਾ ਹੋਇਆ ਹੈ।
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਵੀ ਆਰਡੀਨੈਸਾਂ ਖਿਲਾਫ਼ ਮਤਾ ਸਪੀਕਰ ਨੂੰ ਸੌਂਪਿਆ ਸੀ। ਬਾਗ਼ੀ ਅਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦਾ ਮਤਾ ਸਪੀਕਰ ਵੱਲੋਂ ਸਮੇਂ ਸਿਰ ਨਾ ਮਿਲਣ ਦੀ ਦਲੀਲ ਹੇਠ ਰੱਦ ਕਰ ਦਿੱਤਾ ਗਿਆ। ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਨੇ ਮੁੱਖ ਮੰਤਰੀ ਦੇ ਘਰ ਤੱਕ ਪਹੁੰਚ ਕਰ ਕੇ ਆਰਡੀਨੈਂਸਾਂ ਖਿਲਾਫ਼ ਮਤਾ ਲਿਆਉਣ ਦੀ ਮੰਗ ਰੱਖੀ ਸੀ।