ਫਿਰੋਜ਼ਪੁਰ: ਸੂਬੇ ਅੰਦਰ ਕਾਨੂੰਨ ਵਿਵਸਥਾ ਲਗਾਤਾਰ ਸਵਾਲਾਂ ਦੇ ਘੇਰੇ 'ਚ ਹੈ। ਆਏ ਦਿਨ ਫਾਈਰਿੰਗ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਹੁਣ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਨੇੜੇ ਪਿੰਡ ਟਿੱਬੀ ਖੁਰਦ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲੇਬਰ ਦੇ ਮਾਮੂਲੀ ਝਗੜੇ ਨੂੰ ਲੈ ਕੇ ਦੋ ਧਿਰਾਂ ਦਾ ਆਪਸੀ ਝਗੜਾ ਹੋ ਗਿਆ। ਗੱਲ ਇੰਨੀ ਵਧ ਗਈ ਕਿ ਗੋਲੀਆਂ ਚੱਲ ਗਈਆਂ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।



ਦਰਅਸਲ, ਮੰਡੀ  'ਚ ਦੋ ਆੜ੍ਹਤੀਆਂ ਵਿਚਾਲੇ ਲੇਬਰ ਦੀ ਵੰਡ ਨੂੰ ਲੈ ਕੇ ਗੋਲੀ ਚੱਲ ਗਈ। ਫਸਲ ਵੇਚਣ ਆਏ ਕਿਸਾਨ ਕਿਰਪਾਲ ਸਿੰਘ ਵਾਸੀ ਜੋਧਪੁਰ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਘਟਨਾ ਦੇ ਦੌਰਾਨ ਆੜ੍ਹਤੀਏ ਸੂਰਤ ਸਿੰਘ ਦਾ ਪੁੱਤਰ ਗੁਰਸ਼ਰਨ ਸਿੰਘ ਵੀ ਗੋਲੀ ਲੱਗਣ ਕਾਰਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਹੈ। ਜਿਸ ਨੂੰ ਇਲਾਜ ਦੇ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਗੁਰਸ਼ਰਨ ਸਿੰਘ ਤੇ ਉਸ ਦੇ ਪਿਤਾ ਸੂਰਤ ਸਿੰਘ ਨੇ ਦੱਸਿਆ ਕਿ ਪਿੰਡ ਟਿੱਬੀ ਖੁਰਦ ਵਿਖੇ ਬੀਤੇ ਰਾਤ ਲੇਬਰ ਨੂੰ ਲੈ ਕੇ ਝਗੜਾ ਹੋਇਆ ਸੀ। ਜਦ ਉਹ ਮੰਡੀ ਵਿੱਚ ਪਹੁੰਚੇ ਤਾਂ ਉਥੇ ਟਿੱਬੀ ਖੁਰਦ ਦਾ ਆੜ੍ਹਤੀਆ ਕਰਨੈਲ ਤੇ ਉਸਦਾ ਭਤੀਜਾ ਹਰਪਾਲ ਵੀ ਪਹੁੰਚ ਗਏ ਤੇ ਝਗੜਾ ਕਰਨ ਲੱਗੇ ਇਸ ਦੌਰਾਨ ਉਸ ਦਾ ਬੇਟਾ ਗੁਰਸ਼ਰਨ ਵੀ ਉਥੇ ਪਹੁੰਚ ਗਿਆ ਤੇ ਜੋਧਪੁਰ ਦਾ ਕਿਰਪਾਲ ਸਿੰਘ ਤੇ ਗੁਰਸ਼ਰਨ ਹੱਥੋਪਾਈ ਹੋ ਗਏ।

ਇਸ ਦੌਰਾਨ ਪਿਸਤੋਲ ਚੋਂ ਗੋਲੀ ਚੱਲ ਗਈ। ਫਿਲਹਾਲ ਇਹ ਪਤਾ ਨਹੀਂ ਲੱਗਾ ਕਿ ਗੋਲੀ ਕਿਸਦੇ ਪਿਸਤੋਲ ਚੋਂ ਚੱਲੀ ਹੈ। ਜਿਸ ਤੋਂ ਬਾਅਦ ਦੂਸਰੀ ਧਿਰ ਨੇ ਵੀ ਉਨ੍ਹਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਵਿੱਚ ਉਸ ਦਾ ਬੇਟਾ ਗੁਰਸ਼ਰਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ।

ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਮਮਦੋਟ ਦੇ SHO ਮੋਹਿਤ ਧਵਨ ਨੇ ਦੱਸਿਆ ਕਿ ਪਿੰਡ ਟਿੱਬੀ ਖੁਰਦ ਵਿਖੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ। ਜਿਸ ਵਿੱਚ ਕਿਰਪਾਲ ਸਿੰਘ ਵਾਸੀ ਜੋਧਪੁਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।