Punjab News: ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਹੁਣ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਤੰਜ ਕਸਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਸਿਰਫ਼ ਐਲਾਨ ਕੀਤੇ ਹਨ ਪਰ ਅਸਲ 'ਚ ਕੰਮ ਕੋਈ ਨਹੀਂ ਹੋਇਆ ਹੈ।
ਉਨ੍ਹਾਂ ਕਿਹਾ ਸਸਤੀ ਤਾਂ ਛੱਡੋ ਪੰਜਾਬ ਦੇ ਲੋਕਾਂ ਨੂੰ ਬਿਜਲੀ ਹੀ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ 300 ਯੂਨਿਟ ਬਿਜਲੀ ਦੇ ਨਾਂ 'ਤੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ। ਪਹਿਲਾਂ 300 ਯੂਨਿਟ ਬਿਜਲੀ ਦਾ ਐਲਾਨ ਕੀਤਾ ਗਿਆ ਤੇ ਹੁਣ ਇਸ 'ਤੇ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ।
ਭਾਜਪਾ ਪ੍ਰਧਾਨ ਨੇ ਪੰਜਾਬ ਦੀ ਸਥਿਤੀ ਨੂੰ ਲੈ ਕੇ ਵੀ ਸਰਕਾਰ 'ਤੇ ਸਵਾਲ ਚੁੱਕੇ ਤੇ ਕਿਹਾ ਕਿ ਪੰਜਾਬ ਨੂੰ ਜੋ ਧਮਕੀ ਭਰੇ ਪੱਤਰ ਮਿਲ ਰਹੇ ਹਨ, ਉਹ ਸਰਕਾਰ ਦੀ ਨਾਕਾਮੀ ਹੀ ਹੈ। ਪਿਛਲੇ ਦਿਨਾਂ 'ਚ ਕਿੰਨੀਆਂ ਵਾਰਦਾਤਾਂ ਵਾਪਰੀਆਂ ਹਨ ਪਰ ਸਰਕਾਰ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ।
ਇੰਨਾ ਹੀ ਨਹੀਂ ਸੁਨੀਲ ਜਾਖੜ ਨਾਲ ਚੱਲ ਰਹੀ ਕਾਂਗਰਸ ਦੀ ਲੜਾਈ ਨੂੰ ਲੈ ਕੇ ਵੀ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਬੋਲੇ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਉਸ ਨੇ ਕੀ ਕਰਨਾ ਹੈ ਕਿਉਂਕਿ ਉਹ ਆਪਣੇ ਪਰਿਵਾਰ ਦੇ ਦੁੱਖਾਂ ਤੋਂ ਹੀ ਬਾਹਰ ਨਹੀਂ ਆ ਪਾ ਰਹੀ।
ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਭਾਜਪਾ ਨੇ ਸਾਰੀਆਂ ਥਾਵਾਂ 'ਤੇ ਇਕੱਲਿਆਂ ਚੋਣਾਂ ਲੜਨ ਦੀ ਤਿਆਰੀ ਕਰ ਲਈ ਹੈ ਪਰ ਅੰਤਿਮ ਫੈਸਲਾ ਸਾਡੀ ਕੇਂਦਰ ਦੀ ਲੀਡਰਸ਼ਿਪ ਨੇ ਲੈਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਧਾਨ ਸਭਾ ਦੇ ਵੀ 117 ਸਥਾਨ 'ਤੇ ਚੋਣ ਲੜਨ ਦੀ ਤਿਆਰੀ ਕਰ ਰਹੇ ਸੀ, ਪਰ ਜਦੋਂ ਸਾਡੀ ਕੇਂਦਰ ਦੀ ਲੀਡਰਸ਼ਿਪ ਨੇ ਗਠਜੋੜ ਨਾਲ ਚੋਣ ਲੜਨ ਬਾਰੇ ਸੋਚਿਆ ਤਾਂ ਅਸੀਂ ਗਠਜੋੜ ਨਾਲ ਚੋਣ ਲੜੇ।