ਚੰਡੀਗੜ੍ਹ: ਪੰਜਾਬ ਅੰਦਰ 900 ਡਿਫਾਲਟਰ ਬਿਜਲੀ ਬਿੱਲਾਂ ਦਾ 120 ਕਰੋੜ ਰੁਪਏ ਦੱਬੀ ਬੈਠੇ ਹਨ। ਇਹ ਅੰਕੜੇ ਸਾਹਮਣੇ ਆਉਣ ਮਗਰੋਂ ਸੀਐਮ ਭਗਵੰਤ ਮਾਨ ਵੱਲੋਂ ਸਖਤ ਐਕਸ਼ਨ ਦੇ ਹੁਕਮ ਦਿੱਤੇ ਗਏ ਹਨ। ਹੁਣ ਪਾਵਰਕੌਮ ਵੱਲੋਂ ਇਨ੍ਹਾਂ 900 ਡਿਫਾਲਟਰ ਤੋਂ ਵਸੂਲੀ ਦੀ ਮੁਹਿੰਮ ਵਿੱਢ ਦਿੱਤੀ ਹੈ। ਸਰਕਾਰੀ ਸੂਤਰਾਂ ਮੁਤਾਬਕ ਪਾਵਰਕੌਮ ਨੇ ਪੰਜ ਲੱਖ ਤੋਂ ਵੱਧ ਰਕਮ ਦੇ ਡਿਫਾਲਟਰਾਂ ਦਾ ਅੰਕੜਾ ਕੱਢਿਆ ਹੈ। ਇਸ ਅਨੁਸਾਰ ਸੂਬੇ ਵਿੱਚ 900 ਡਿਫਾਲਟਰਾਂ ਵੱਲ ਪ੍ਰਤੀ ਕੁਨੈਕਸ਼ਨ ਪੰਜ ਲੱਖ ਤੋਂ ਵੱਧ ਬਿਜਲੀ ਬਿੱਲਾਂ ਦਾ ਬਕਾਇਆ ਖੜ੍ਹਾ ਹੈ।

ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ’ਚ ਦਰਜਨ ਡਿਫਾਲਟਰ ਅਜਿਹੇ ਵੀ ਹਨ ਜਿਨ੍ਹਾਂ ਵੱਲ ਪ੍ਰਤੀ ਕੁਨੈਕਸ਼ਨ ਇੱਕ ਕਰੋੜ ਤੋਂ ਵੱਧ ਰਾਸ਼ੀ ਬਕਾਇਆ ਖੜ੍ਹੀ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਇਨ੍ਹਾਂ ਡਿਫਾਲਟਰਾਂ ਦੀ ਸ਼ਨਾਖ਼ਤ ਕਰਨ ਵਾਸਤੇ ਹਦਾਇਤ ਕੀਤੀ ਹੈ। ਇਸ ਦੌਰਾਨ ਪਾਵਰਕੌਮ ਨੇ ਲੰਘੇ ਦਿਨਾਂ ’ਚ ਵਿਸ਼ੇਸ਼ ਮੁਹਿੰਮ ਚਲਾ ਕੇ 499 ਵੱਡੇ ਡਿਫਾਲਟਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਸਨ ਜਿਨ੍ਹਾਂ ਵੱਲ 52 ਕਰੋੜ ਰੁਪਏ ਦੀ ਰਾਸ਼ੀ ਫਸੀ ਹੋਈ ਸੀ। ਸਰਹੱਦੀ ਜ਼ੋਨ ਵਿਚ ਸਭ ਤੋਂ ਵੱਧ 165 ਕੁਨੈਕਸ਼ਨ ਕੱਟੇ ਗਏ ਹਨ। ਇਸ ਮੁਹਿੰਮ ਦੇ ਜ਼ਰੀਏ ਪਾਵਰਕੌਮ ਨੇ 132 ਵੱਡੇ ਡਿਫਾਲਟਰਾਂ ਤੋਂ 8.25 ਕਰੋੜ ਦੀ ਰਕਮ ਵਸੂਲ ਵੀ ਕੀਤੀ ਹੈ।

ਅੰਕੜਿਆਂ ਮੁਤਾਬਕ ਪਾਵਰਕੌਮ ਦੇ ਹਰ ਕੈਟਾਗਰੀ ਦੇ ਕੁੱਲ ਖਪਤਕਾਰ ਕਰੀਬ 94 ਲੱਖ ਬਣਦੇ ਹਨ ਜਿਨ੍ਹਾਂ ’ਚੋਂ ਇਸ ਵੇਲੇ 36.05 ਲੱਖ ਖਪਤਕਾਰ ਡਿਫਾਲਟਰ ਹਨ। ਘਰੇਲੂ ਬਿਜਲੀ ਦੇ ਕੁੱਲ ਖਪਤਕਾਰਾਂ ਦਾ ਅੰਕੜਾ 73.80 ਲੱਖ ਹੈ ਜਿਨ੍ਹਾਂ ਵਿੱਚੋਂ 31.05 ਲੱਖ ਖਪਤਕਾਰ ਡਿਫਾਲਟਰ ਹਨ ਜੋ ਕਰੀਬ 42 ਫ਼ੀਸਦੀ ਬਣਦੇ ਹਨ। ਬਾਕੀਆਂ ਵਿੱਚ 300 ਯੂਨਿਟ ਮੁਆਫ਼ੀ ਵਾਲੇ ਵੀ ਆ ਜਾਂਦੇ ਹਨ। ਘਰੇਲੂ ਬਿਜਲੀ ਦੇ ਖਪਤਕਾਰਾਂ ਵੱਲ 1860 ਕਰੋੜ ਦੀ ਰਕਮ ਬਕਾਇਆ ਖੜ੍ਹੀ ਹੈ।

ਪਾਵਰਕੌਮ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਬਹੁਤੇ ਰਸੂਖ਼ ਵਾਲੇ ਤਾਂ ਆਪਣੀ ਸਾਖ਼ ਖਰਾਬ ਹੋਣ ਦੇ ਡਰੋਂ ਚੁੱਪਚਾਪ ਬਕਾਇਆ ਤਾਰ ਰਹੇ ਹਨ। ਸਿਆਸੀ ਪਹੁੰਚ ਰੱਖਣ ਵਾਲੇ ਕਈ ਆਪਣੀ ਵਾਹ ਵੀ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਵਰਕੌਮ ਕੋਲ ਹੁਣ ਕੋਈ ਚਾਰਾ ਨਹੀਂ ਬਚਿਆ ਕਿਉਂਕਿ ਪਾਵਰਕੌਮ ਦੀ ਵਿੱਤੀ ਪੁਜ਼ੀਸ਼ਨ ਕਾਫ਼ੀ ਖ਼ਸਤਾ ਹੈ।