ਚੰਡੀਗੜ੍ਹ: ਸ਼ਹਿਰ ਵਿੱਚ ਫਾਰਚੂਨਰ ਕਾਰ ਤੇ ਪਿਕ ਅੱਪ ਬੋਲੇਰੋ ਵਿੱਚ ਹੋਈ ਟੱਕਰ ਵਿੱਚ ਇੱਕ ਜਣੇ ਦੀ ਮੌਤ ਹੋ ਗਈ ਤੇ ਦੋ ਜਣੇ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਵਿੱਚੋਂ ਇੱਕ ਜਣੇ ਦੀ ਹਾਲਤ ਗੰਭੀਰ ਹੈ। ਫਾਰਚੂਨਰ ਸਵਾਰ ਚਾਰੇ ਵਿਦਿਆਰਥੀ ਜਲੰਧਰ ਦੇ ਰਹਿਣ ਵਾਲੇ ਸਨ। ਸੈਕਟਰ 49 ਪੁਲਿਸ ਥਾਣੇ ਦੀ ਮੁਖੀ ਜਸਵਿੰਦਰ ਕੌਰ ਨੇ ਦੱਸਿਆ ਕਿ ਸ਼ਨੀਵਾਰ-ਐਤਵਾਰ ਰਾਤ ਢਾਈ ਵਜੇ ਇੱਕ ਫਾਰਚੂਨਰ ਐਸਯੂਵੀ ਦੀ ਸੈਕਟਰ 46-47 ਦੀਆਂ ਲਾਈਟਾਂ 'ਤੇ ਬੋਲੇਰੋ ਨਾਲ ਜ਼ਬਰਦਸਤ ਟੱਕਰ ਹੋ ਗਈ। ਬੋਲੇਰੋ ਕਾਰ ਵਿੱਚ ਚਾਲਕ ਦੇ ਨਾਲ ਬੈਠੇ ਰਾਜਵਿੰਦਰ ਸਿੰਘ ਦੀ ਮੌਤ ਹੋ ਗਈ ਤੇ ਉਸ ਦਾ ਭਰਾ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਐਸਯੂਵੀ ਵਿੱਚ ਮੈਨੇਜਮੈਂਟ ਕਾਲਜ ਦੇ ਵਿਦਿਆਰਥੀ ਸਵਾਰ ਹੋ ਕੇ ਆਪਣੇ ਘਰ ਜਲੰਧਰ ਵਾਪਸ ਜਾ ਰਹੇ ਸਨ ਜਦਕਿ ਬੋਲੇਰੋ ਵਿੱਚ ਫ਼ਰੀਦਕੋਟ ਤੋਂ ਸਬਜ਼ੀ ਕਾਸ਼ਤਕਾਰ ਸੈਕਟਰ 26 ਦੀ ਮੰਡੀ ਵਿੱਚ ਸਬਜ਼ੀ ਉਤਾਰ ਕੇ ਆਪਣੇ ਪਿੰਡ ਪਰਤ ਰਹੇ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਫਾਰਚੂਨਰ ਚਲਾ ਰਹੇ ਸਾਹਿਲ ਸਮੇਤ ਚਾਰ ਜਣਿਆਂ ਨੂੰ ਕਾਫੀ ਸੱਟਾਂ ਲੱਗੀਆਂ। ਤੇਜ਼ ਰਫ਼ਤਾਰ ਹੋਣ ਕਰਕੇ ਡਰਾਈਵਰ ਗੱਡੀ ਤੋਂ ਕੰਟਰੋਲ ਗੁਆ ਬੈਠਾ। ਬੋਲੇਰੋ ਨਾਲ ਟਕਰਾਉਣ ਤੋਂ ਬਾਅਦ ਫਾਰਚੂਨਰ ਦਰੱਖ਼ਤ ਨਾਲ ਵੀ ਟਕਰਾਈ। ਪੁਲੀਸ ਨੇ ਫਾਰਚੂਨਰ ਦੇ ਡਰਾਈਵਰ ਸਾਹਿਲ ਉੱਪਰ ਕੇਸ ਦਰਜ ਕਰ ਲਿਆ ਹੈ। ਸਾਹਿਲ ਦੇ ਨਾਲ ਸੀਟ 'ਤੇ ਬੈਠੇ ਸ਼ਿਵਾਂਸ਼ ਨਾਂਅ ਦੇ ਮੁੰਡੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।