ਅੰਮ੍ਰਿਤਸਰ: ਅੰਮ੍ਰਿਤਸਰ ਦੀ ਅਵਨੀਤ ਕੌਰ ਨੇ ਇੰਡੀਆ ਰਿਕਾਰਡ ਬੁੱਕ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਅਵਨੀਤ ਨੇ 15 ਸਾਲ ਤੱਕ ਸਕੂਲ ਵਿੱਚੋਂ ਇੱਕ ਵੀ ਛੁੱਟੀ ਨਹੀਂ ਕੀਤੀ। ਉਸ ਨੇ ਜਿਸ ਦਿਨ ਸਕੂਲ ਸ਼ੁਰੂ ਕੀਤਾ, ਉਸ ਦਿਨ ਤੋਂ ਲੈ ਕੇ ਅੱਜ ਤੱਕ ਕਦੇ ਵੀ ਛੁੱਟੀ ਨਹੀਂ ਕੀਤੀ। ਪਿਛਲੇ ਪੰਦਰਾਂ ਸਾਲਾਂ ਵਿੱਚ ਉਸ ਨੇ ਹਰ ਦਿਨ ਸਕੂਲ ਵਿੱਚ ਜਾ ਕੇ ਬਾਕਾਇਦਾ ਹਾਜ਼ਰੀ ਲਵਾਈ।   ਅੰਮ੍ਰਿਤਸਰ ਦੇ ਤਰਨ ਤਾਰਨ ਰੋਡ 'ਤੇ ਰਹਿਣ ਵਾਲੇ ਸਧਾਰਨ ਪਰਿਵਾਰ ਦੀ ਅਵਨੀਤ ਕੌਰ ਨੂੰ ਪੜ੍ਹਨ ਦੀ ਇੰਨੀ ਜਿਗਿਆਸਾ ਹੈ ਕਿ ਪਿਛਲੇ ਪੰਦਰਾਂ ਸਾਲਾਂ ਦੌਰਾਨ ਉਸ ਨੇ 12ਵੀਂ ਤੱਕ ਦੀ ਪੜ੍ਹਾਈ ਵਿੱਚ ਸਕੂਲ ਤੋਂ ਇੱਕ ਵੀ ਛੁੱਟੀ ਨਹੀਂ ਲਈ। ਭਾਵੇਂ ਮੀਂਹ ਹੋਵੇ ਜਾਂ ਹਨ੍ਹੇਰੀ, ਬਿਮਾਰ ਹੋਵੇ ਜਾਂ ਫਿਰ ਰਿਸ਼ਤੇਦਾਰੀ ਵਿੱਚ ਕੋਈ ਦੁੱਖ ਸੁੱਖ ਅਵਨੀਤ ਕੌਰ ਨੇ ਸਕੂਲ ਵਿੱਚ ਲਗਾਤਾਰ ਜਾ ਕੇ ਇਹ ਸਾਬਤ ਕਰਕੇ ਦਿਖਾਇਆ ਕਿ ਪੜ੍ਹਾਈ ਤੋਂ ਵੱਧ ਕੁਝ ਵੀ ਨਹੀਂ। ਨਰਸਰੀ ਕਲਾਸ ਤੋਂ ਲੈ ਕੇ 12ਵੀਂ ਤੱਕ ਦੀ ਕਲਾਸ ਅਜੀਤ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੂਰੀ ਕੀਤੀ। ਹੁਣ ਉਸ ਦਾ ਟੀਚਾ ਯੂਨੀਵਰਸਿਟੀ ਦੀ ਪੜ੍ਹਾਈ ਬਿਨਾਂ ਕਿਸੇ ਛੁੱਟੀ ਲੈ ਕੇ ਕਰਨ ਦਾ ਹੈ ਤੇ ਆਪਣਾ ਨਾਮ ਗਿੰਨੀਜ਼ ਬੁੱਕ ਆਫ ਵਰਲਡ ਵਿੱਚ ਦਰਜ ਕਰਵਾਉਣ ਦਾ ਹੈ। ਅਵਨੀਤ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਵਿਅਕਤੀ ਵਿੱਚ ਕੋਈ ਨਾ ਕੋਈ ਟੈਲੈਂਟ ਹੁੰਦਾ ਹੈ। ਗੱਲ ਸਿਰਫ ਉਸ ਨੂੰ ਪਛਾਣਨ ਦੀ ਹੁੰਦੀ ਹੈ। ਸਕੂਲ ਵਿੱਚ ਪੜ੍ਹਾਈ ਕਰਦਿਆਂ ਉਸ ਨੇ ਠਾਣ ਲਿਆ ਸੀ ਕਿ ਉਹ ਕੋਈ ਨਾ ਕੋਈ ਟੀਚਾ ਜ਼ਰੂਰ ਹਾਸਲ ਕਰੇਗੀ। ਅਵਨੀਤ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਬੱਚੇ ਲਈ ਬਹੁਤ ਕੁਝ ਬਰਦਾਸ਼ਤ ਕੀਤਾ ਕਿਉਂਕਿ ਉਹ ਆਪਣੇ ਬੱਚੇ ਦਾ ਸਾਥ ਦੇਣਾ ਚਾਹੁੰਦੇ ਹਨ। ਕਈ ਵਾਰ ਸਾਨੂੰ ਰਿਸ਼ਤੇਦਾਰੀ ਵਿੱਚ ਕੰਮ ਜਾਣਾ ਪੈਂਦਾ ਸੀ ਤਾਂ ਉਹ ਕੋਸ਼ਿਸ਼ ਕਰਦੇ ਸੀ ਕਿ ਰਾਤ ਵੇਲੇ ਘਰ ਪਰਤ ਆਉਣ। ਕਈ ਵਾਰ ਅਜਿਹੇ ਮੌਕੇ ਵੀ ਆਏ ਜਦੋਂ ਉਨ੍ਹਾਂ ਨੇ ਅਵਨੀਤ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਰਾਤ ਰਹਿਣ ਲਈ ਛੱਡ ਦਿੱਤਾ ਕਿਉਂਕਿ ਉਨ੍ਹਾਂ ਨੂੰ ਮਜਬੂਰਨ ਕਿਸੇ ਦੁੱਖ ਸੁੱਖ ਲਈ ਬਾਹਰ ਜਾਣਾ ਪੈਂਦਾ ਸੀ। ਉਨ੍ਹਾਂ ਦਾ ਸਿਰਫ ਇਹੋ ਮਕਸਦ ਸੀ ਇਹ ਅਵਨੀਤ ਦੀ ਸਕੂਲ ਤੋਂ ਛੁੱਟੀ ਨਾ ਹੋ ਜਾਵੇ।