ਨਿਊਯਾਰਕ: ਅਮਰੀਕੀ ਵਿਦਿਆਰਥੀ ਹੁਣ ਸਿੱਖਾਂ ਦਾ ਇਤਿਹਾਸ ਪੜ੍ਹਨਗੇ। ਸਿੱਖ ਬੱਚਿਆਂ ਦੇ ਨਾਲ ਨਾਲ ਮੂਲ ਤੌਰ 'ਤੇ ਅਮਰੀਕੀ ਵਿਦਿਆਰਥੀਆਂ ਲਈ ਸਕੂਲਾਂ ਵਿੱਚ ਨਵਾਂ ਪਾਠਕ੍ਰਮ ਲਾਗੂ ਕੀਤਾ ਜਾ ਰਿਹਾ ਹੈ। ਅਜਿਹਾ ਅਮਰੀਕੀਆਂ ਨੂੰ ਸਿੱਖਾਂ ਬਾਰੇ ਜਾਗਰੂਕ ਕਰਨ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਵਿਰੁੱਧ ਹੋ ਰਹੇ ਨਸਲੀ ਹਮਲਿਆਂ ਜਾਂ ਅਣਦੇਖੀ ਨੂੰ ਘਟਾਇਆ ਜਾ ਸਕੇ।
ਅਮਰੀਕਾ ਦੀ ਐਨਜੀਓ ਯੂਨਾਈਟਿਡ ਸਿੱਖਸ ਨੇ ਨਿਊਯਾਰਕ ਸ਼ਹਿਰ ਦੇ ਸਿੱਖਿਆ ਵਿਭਾਗ ਨਾਲ ਮਿਲ ਕੇ ਅਮਰੀਕੀ ਵਿਦਿਆਰਥੀਆਂ ਨੂੰ ਸਿੱਖ ਧਰਮ ਤੇ ਇਨ੍ਹਾਂ ਦੇ ਸਿਧਾਂਤਾਂ ਬਾਰੇ ਸਿੱਖਿਅਤ ਕਰਨ ਦਾ ਉਪਰਾਲਾ ਕੀਤਾ ਹੈ। FOX5NY ਦੀ ਰਿਪੋਰਟ ਮੁਤਾਬਕ ਪੰਜਵੀਂ ਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਿੱਖਾਂ ਦਾ ਇਤਿਹਾਸ ਪੜ੍ਹਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਆਈ ਰਿਪੋਰਟ ਮੁਤਾਬਕ ਸਿੱਖ ਬੱਚਿਆਂ ਨੂੰ ਸਕੂਲਾਂ ਵਿੱਚ ਕੌਮੀ ਦਰ ਨਾਲੋਂ ਦੁੱਗਣਾ ਤਸ਼ੱਦਦ ਝੱਲਣਾ ਪੈਂਦਾ ਹੈ। FOX5NY ਦੀ ਰਿਪੋਰਟ ਮੁਤਾਬਕ ਕਾਲਜ ਵਿਦਿਆਰਥਣ ਸਤਲੀਨ ਕੌਰ ਮੁਤਾਬਕ ਉਸ ਨੂੰ ਬਹੁਤ ਵਾਰ ਖਿਝਾਇਆ ਗਿਆ, ਖਾਸ ਕਰਕੇ ਉਸ ਦੇ ਵਾਲ਼ਾਂ ਕਰਕੇ। ਉਸ ਨੇ ਆਸ ਜਤਾਈ ਕਿ ਇਸ ਉਪਰਾਲੇ ਨਾਲ ਅਜੋਕੀ ਪੀੜ੍ਹੀ ਦੇ ਸਿੱਖ ਬੱਚਿਆਂ ਨੂੰ ਕੁਝ ਰਾਹਤ ਮਿਲੇਗੀ।
ਸਿੱਖਾਂ ਦੇ ਨਾਗਰਿਕ ਹੱਕਾਂ ਦੀ ਰਾਖੀ ਕਰਨ ਵਾਲੀ ਸੰਸਥਾ ਸਿੱਖ ਕੋਲੀਏਸ਼ਨ ਵੱਲੋਂ ਕਰਵਾਏ ਸਰਵੇਖਣ ਮੁਤਾਬਕ ਤਕਰੀਬਨ 67% ਸਿੱਖ ਬੱਚਿਆਂ ਨੂੰ ਸਕੂਲਾਂ ਵਿੱਚ ਆਪਣੇ ਧਰਮ ਕਰਕੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਵਿੱਚ ਧੱਕਾਮੁੱਕੀ ਤੋਂ ਲੈ ਕੇ ਕੁੱਟ ਮਾਰ ਵੀ ਸ਼ਾਮਲ ਹਨ। ਇੰਨਾ ਹੀ ਨਹੀਂ ਕਈ ਵਾਰ ਉਨ੍ਹਾਂ ਦੀਆਂ ਪੱਗਾਂ ਵੀ ਜ਼ਬਰਦਸਤੀ ਉਤਾਰੀਆਂ ਜਾਂਦੀਆਂ ਰਹੀਆਂ ਹਨ।
ਯੂਨਾਈਟਿਡ ਸਿੱਖਸ ਦੇ ਸੀਨੀਅਰ ਨੀਤੀ ਸਲਾਹਕਾਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ 70 ਫ਼ੀਸਦੀ ਅਮਰੀਕੀਆਂ ਨੂੰ ਸਿੱਖਾਂ ਦੀ ਪਛਾਣ ਹੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅਮਰੀਕੀਆਂ ਨੂੰ ਨਹੀਂ ਪਤਾ ਕਿ ਅਸੀਂ ਕੌਣ ਹਾਂ ਤੇ ਕਿੱਥੋਂ ਆਏ ਹਾਂ। ਸਕੂਲੀ ਵਿਦਿਆਰਥੀ ਏਕਰੂਪ ਸਿੰਘ ਨੇ ਦੱਸਿਆ ਕਿ ਸਾਥੀ ਵਿਦਿਆਰਥੀ ਹਰ ਸਮੇਂ ਤੁਹਾਨੂੰ ਘੂਰਦੇ ਰਹਿੰਦੇ ਹਨ ਤੇ ਇਹ ਬੇਹੱਦ ਅਜੀਬ ਲੱਗਦਾ ਹੈ।
ਜ਼ਿਕਰਯੋਗ ਹੈ ਕਿ ਸਿੱਖਾਂ ਦਾ ਇਤਿਹਾਸ ਸਤੰਬਰ 2016 ਤੋਂ ਸ਼ਹਿਰ ਦੇ ਕੁਝ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਰਿਹਾ ਹੈ, ਪਰ ਬੀਤੇ ਸ਼ੁੱਕਰਵਾਰ ਇਸ ਨੂੰ ਰਸਮੀ ਤੌਰ 'ਤੇ ਬਾਕੀ ਸਕੂਲਾਂ ਵਿੱਚ ਵੀ ਲਾਗੂ ਕਰ ਦਿੱਤਾ ਗਿਆ ਹੈ। ਅਮਰੀਕੀ ਗੁਰਦੁਆਰਿਆਂ ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਤਕਰੀਬਨ ਪੰਜ ਲੱਖ ਸਿੱਖ ਵਸਦੇ ਹਨ।