ਵਾਸ਼ਿੰਗਟਨ: ਅਮਰੀਕੀ ਸੂਬੇ ਮਿਸੋਰੀ ਵਿੱਚ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ਬਾਰੇ ਇੱਕ ਮਹਿਲਾ ਵੱਲੋਂ ਕੀਤੇ ਖੁਲਾਸੇ ਨੇ ਕਿਸ਼ਤੀ ਦੇ ਕੈਪਟਨ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇੰਡੀਆਨਾ ਦੀ ਰਹਿਣ ਵਾਲੀ ਮਹਿਲਾ ਦਾ ਕਹਿਣਾ ਹੈ ਕਿ ਕੈਪਟਨ ਨੇ ਕਿਹਾ ਸੀ ਕਿ ਲਾਈਫ ਜੈਕਿਟਸ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ। ਜ਼ਿਕਰਯੋਗ ਹੈ ਕਿ ਟੀਆ ਕੋਲਮੈਨ ਨਾਂ ਦੀ ਮਹਿਲਾ ਨੇ ਹਾਦਸੇ ਵਿੱਚ ਪਰਿਵਾਰ ਦੇ 9 ਮੈਂਬਰ ਗਵਾ ਦਿੱਤੇ ਹਨ। ਹਾਦਸੇ 'ਚ ਮਹਿਲਾ ਦੇ ਬੱਚੇ, ਪਤੀ, ਸੱਸ-ਸਹੁਰਾ ਤੇ ਨਨਾਣ ਸਮੇਤ ਸਾਰਾ ਪਰਿਵਾਰ ਮਾਰਿਆ ਗਿਆ।


ਟੀਆ ਨੇ ਕੈਪਟਨ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਕੈਪਟਨ ਨੇ ਸਾਨੂੰ ਕਿਹਾ ਸੀ ਕਿ ਜੈਕਿਟਸ ਪਾਉਣ ਦੀ ਲੋੜ ਨਹੀਂ ਪਵੇਗੀ। ਦਸ ਦਈਏ ਕਿ ਇਸ ਕਿਸ਼ਤੀ ਦੇ ਡੁੱਬਣ ਕਾਰਨ 17 ਲੋਕਾਂ ਦੀ ਮੌਤ ਹੋ ਗਈ ਜਦਕਿ 14 ਲੋਕਾਂ ਦੀ ਜਾਨ ਬਚਾਈ ਜਾ ਸਕੀ। ਜਿਉਂਦੇ ਬਚੇ ਲੋਕਾਂ ਵਿੱਚ ਕਿਸ਼ਤੀ ਦਾ ਕੈਪਟਨ ਵੀ ਸ਼ਾਮਲ ਸੀ।


ਇਹ ਘਟਨਾ ਵੀਰਵਾਰ ਰਾਤ ਬਰੈਨਸਨ ਸ਼ਹਿਰ ਦੀ ਟੇਬਲ ਰੌਕ ਲੇਕ ਵਿੱਚ ਉਸ ਵੇਲੇ ਵਾਪਰੀ ਜਦੋਂ ਹਨ੍ਹੇਰੀ ਤੇ ਤੂਫਾਨ ਵਾਲੇ ਮੌਸਮ ਵਿੱਚ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ ਤੇ ਪਲਾਂ-ਛਿਣਾਂ 'ਚ ਹੀ ਕਿਸ਼ਤੀ ਪਾਣੀ ਵਿੱਚ ਸਮਾ ਗਈ।ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਘਟਨਾ ਤੇਜ਼ ਹਵਾਵਾਂ ਕਾਰਨ ਵਾਪਰੀ।


ਹਾਦਸੇ ਦਾ ਸ਼ਿਕਾਰ ਹੋਣ ਵਾਲੀ ਕਿਸ਼ਤੀ ਇੱਕ ਡੱਕਬੋਟ ਸੀ ਜਿਸ ਨੂੰ ਕਿ ਪਾਣੀ ਤੇ ਜ਼ਮੀਨ ਦੋਵਾਂ 'ਤੇ ਚਲਾਇਆ ਜਾ ਸਕਦਾ ਹੈ। ਇਸ ਨੂੰ ਅੱਧੀ ਕਾਰ ਤੇ ਅੱਧੀ ਕਿਸ਼ਤੀ ਵੀ ਕਿਹਾ ਜਾਂਦਾ ਹੈ। ਪੂਰੀ ਘਟਨਾ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ ਵੀ ਵਾਇਰਲ ਹੋਇਆ ਹੈ।