ਚੰਡੀਗੜ੍ਹ: ਬਰੈਂਪਟਨ ਵਿੱਚ ਕਤਲ ਕੀਤੇ ਗਏ ਜਲੰਧਰ ਦੇ ਟਰਾਂਸਪੋਰਟਰ ਪਲਵਿੰਦਰ ਸਿੰਘ ਉਰਫ ਵਿੱਕੀ ਦੇ ਕਾਤਿਲ ਤਕ ਪਹੁੰਚਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪੀਲ ਪੁਲਿਸ ਨੇ ਸ਼ੁੱਕਰਵਾਰ ਨੂੰ ਇੱਕ ਸ਼ੱਕੀ ਮੁਲਜ਼ਮ ਬਾਰੇ ਕੈਨੇਡਾ ਵਾਈਡ ਵਾਰੰਟ ਜਾਰੀ ਕੀਤੇ ਹਨ। ਸ਼ੱਕੀ ਯੁਵਕ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ।

27 ਸਾਲਾ ਪਲਵਿੰਦਰ ਸਿੰਘ ਨੂੰ 16 ਜੁਲਾਈ ਨੂੰ ਆਪਣੇ ਘਰ ਵਿੱਚ ਜ਼ਖ਼ਮੀ ਹਾਲਤ ਵਿੱਚ ਪਾਇਆ ਗਿਆ ਸੀ, ਪਰ ਬਾਅਦ ਵਿੱਚ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਸੀ। ਪੀਲ ਪੁਲਿਸ ਨੇ 2 ਸ਼ੱਕੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ।

18 ਸਾਲਾ ਸੀਨ ਪੌਂਟੋ ਤੇ 19 ਸਾਲਾ ਐਂਡਰੀਊ ਐਡਵਰਡ ਨੂੰ ਕਤਲ ਵਾਲੇ ਦਿਨ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹੁਣ ਜਿਸ ਯੁਵਕ ਲਈ ਵਾਰੰਟ ਜਾਰੀ ਕੀਤੇ ਗਏ ਹਨ, ਇਸ ਦਾ ਨਾਮ ਨੈਬਿਲ ਅਲਬਾਯਾਤੀ ਦੱਸਿਆ ਜਾ ਰਿਹਾ ਹੈ ਤੇ ਇਹ ਟਾਰਾਂਟੋ ਦਾ ਰਹਿਣ ਵਾਲਾ ਹੈ।

ਪਲਵਿੰਦਰ 2009 'ਚ ਕੈਨੇਡਾ ਗਿਆ ਸੀ। ਉਸ ਦਾ ਪਰਿਵਾਰ ਜਲੰਧਰ ਦੀ ਰਾਮਾ ਮੰਡੀ 'ਚ ਰਹਿ ਰਿਹਾ ਹੈ। ਪਲਵਿੰਦਰ ਦੇ ਪਿਤਾ ਗੁਰਮੇਜ ਸਿੰਘ ਪੰਜਾਬ ਪੁਲਿਸ 'ਚ ਏਐਸਆਈ ਹਨ ਤੇ ਮਾਤਾ ਖੇਤੀਬਾੜੀ ਵਿਭਾਗ ਤੋਂ ਰਿਟਾਇਰ ਹਨ।