ਮਾਨਸਾ: ਜ਼ਿਲ੍ਹੇ ਵਿੱਚ ਲਗਾਤਾਰ ਦੂਜੇ ਦਿਨ ਇੱਕ ਹੋਰ ਕਿਸਾਨ ਨੇ 10 ਲੱਖ ਰੁਪਏ ਦੇ ਕਰਜ਼ੇ ਪਿੱਛੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਓਂ ਦਾ ਦਰਸ਼ਨ ਸਿੰਘ (50) ਤਿੰਨ ਏਕੜ ਜ਼ਮੀਨ ਦਾ ਮਾਲਕ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਦੀ ਪਤਨੀ ਕੈਂਸਰ ਦੀ ਬਿਮਾਰੀ ਨਾਲ ਪੀੜਤ ਸੀ। ਦਰਸ਼ਨ ਸਿੰਘ ਨੇ ਪਤਨੀ ਦੇ ਇਲਾਜ ਲਈ ਬਥੇਰਾ ਪੈਸਾ ਖਰਚ ਕੀਤਾ ਪਰ ਉਹ ਆਪਣੀ ਪਤਨੀ ਨੂੰ ਬਚਾ ਨਹੀਂ ਸਕਿਆ। ਪਤਨੀ ਦਾ ਖਿਆਲ ਰੱਖਦਿਆਂ-ਰੱਖਦਿਆਂ ਉਸ ਦੀ ਫਸਲ ਵੀ ਤਬਾਹ ਹੋ ਗਈ। ਇਸ ਤਰ੍ਹਾਂ ਉਹ ਕਰਜ਼ਦਾਰ ਹੁੰਦਾ ਗਿਆ। ਮ੍ਰਿਤਕ ਦਰਸ਼ਨ ਸਿੰਘ ਦੇ ਸਿਰ ਕੁੱਲ 10 ਲੱਖ ਦਾ ਕਰਜ਼ਾ ਸੀ ਜਿਸ ਦੀ ਅਦਾਇਗੀ ਨਾ ਹੋਣ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਦੌਰਾਨ ਕਰਜ਼ੇ ਤੋਂ ਛੁਟਕਾਰਾ ਪਾਉਣ ਲਈ ਦਰਸ਼ਨ ਸਿੰਘ ਨੇ ਖ਼ੁਦਕੁਸ਼ੀ ਦਾ ਰਾਹ ਅਪਣਾਇਆ। ਮ੍ਰਿਤਕ ਕਿਸਾਨ ਆਪਣੇ ਪਿੱਛੇ ਦੋ ਮੁੰਡਿਆਂ ਨੂੰ 10 ਲੱਖ ਦਾ ਕਰਜ਼ਦਾਰ ਛੱਡ ਗਿਆ ਹੈ।