ਚੰਡੀਗੜ੍ਹ: ਦੀਵਾਲੀ ਤੋਂ ਬਾਅਦ ਪਿਆਜ਼ ਦੀ ਕੀਮਤਾਂ ਨੇ ਮੁੜ ਸਪੀਡ ਫੜ ਲਈ ਹੈ। ਦੇਸ਼ ਵਿੱਚ ਕਈ ਥਾਵਾਂ 'ਤੇ ਪਿਆਜ਼ 100 ਰੁਪਏ ਕਿੱਲੋ ਵਿਕ ਰਿਹਾ ਹੈ। ਅਗਲੇ ਦਿਨਾਂ ਵਿੱਚ ਭਾਅ ਹੋਰ ਚੜ੍ਹ ਸਕਦਾ ਹੈ। ਉਧਰ, ਕੇਂਦਰ ਸਰਕਾਰ ਨੇ ਬਾਹਰੋਂ ਪਿਆਜ਼ ਮੰਗਵਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਰਾਹਤ ਮਿਲ ਸਕਦੀ ਹੈ।


ਹਾਸਲ ਜਾਣਕਾਰੀ ਮੁਤਾਬਕ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪਿਆਜ਼ 100 ਰੁਪਏ ਕਿਲੋ ਵਿਕ ਰਿਹਾ ਹੈ। ਦਿੱਲੀ ਦੀ ਆਜ਼ਾਦਪੁਰ ਮੰਡੀ ਵਿੱਚ ਦੋ ਦਿਨ ਪਹਿਲਾਂ ਪਿਆਜ਼ ਦਾ ਥੋਕ ਭਾਅ 80 ਰੁਪਏ ਕਿੱਲੋ ਸੀ। ਪ੍ਰਚੂਨ ਵਿੱਚ ਇਹ 100 ਰੁਪਏ ਕਿੱਲੋ ਵਿਕ ਰਿਹਾ ਹੈ। ਇਸ ਵਾਰ ਰਾਜਸਥਾਨ ਤੇ ਮਹਾਰਾਸ਼ਟਰ ਵਿੱਚ ਬੇਮੌਸਮੀ ਬਾਰਸ਼ ਕਰਕੇ ਪਿਆਜ਼ ਦੀ ਫਸਲ ਬਰਬਾਦ ਹੋ ਗਈ ਹੈ। ਇਸ ਮਗਰੋਂ ਸਰਕਾਰ ਅਫਗਾਨਿਸਤਾਨ, ਮਿਸਰ, ਤੁਰਕੀ ਤੇ ਇਰਾਨ ਤੋਂ ਪਿਆਜ਼ ਮੰਗਵਾਉਣ ਬਾਰੇ ਵਿਚਾਰ ਕਰ ਰਹੀ ਹੈ।

ਪੰਜਾਬ ਵਿੱਚ ਵੀ ਚੜ੍ਹਿਆ ਭਾਅ

ਪੰਜਾਬ ਵਿੱਚ ਪਿਆਜ਼ ਦੇ ਰੇਟ ਆਸਮਾਨ ਨੂੰ ਛੂਹ ਰਹੇ ਹਨ। ਬਠਿੰਡਾ ਦੀ ਅਨਾਜ ਮੰਡੀ ਵਿੱਚ 80 ਰੁਪਏ ਕਿੱਲੋ ਪਿਆਜ਼ ਵਿਕ ਰਿਹਾ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪਿੱਛੋਂ ਹੀ ਪਿਆਜ਼ ਮਹਿੰਗਾ ਆ ਰਿਹਾ ਹੈ। ਆੜ੍ਹਤੀਆਂ ਨੂੰ ਥੋਕ ਵਿੱਚ 60 ਤੋਂ ਲੈ ਕੇ 65 ਰੁਪਏ ਕਿੱਲੋ ਪਿਆਜ਼ ਮਿਲ ਰਿਹਾ ਹੈ। ਇਸ ਲਈ ਪ੍ਰਚੂਨ ਵਿੱਚ ਪਿਆਜ਼ ਦਾ ਰੇਟ 70 ਤੋਂ 80 ਰੁਪਏ ਕਿੱਲੋ ਹੈ।