ਚੰਡੀਗੜ੍ਹ: ਪੰਜਾਬ ਰਾਜ ਚੋਣ ਕਮਿਸ਼ਨ ਕੋਲ ਹੁਣ ਤੱਕ ਲਿਖਤੀ ਤੌਰ 'ਤੇ ਸਿਰਫ ਇੱਕ ਸ਼ਿਕਾਇਤ ਪੁੱਜੀ ਹੈ। ਇਹ ਅਕਾਲੀ ਦਲ ਵੱਲੋਂ ਨਾਮਜ਼ਦਗੀਆਂ ਨਾ ਭਰਨ ਦੇਣ ਤੇ ਵੋਟਰ ਲਿਸਟ ਹੁਣ ਤੱਕ ਜਾਰੀ ਨਾ ਕਰਨ ਸਬੰਧੀ ਹੈ। ਹਾਲਾਂਕਿ ਹੁਣ ਤੱਕ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਨਿਗਮ ਚੋਣਾਂ ਵਿੱਚ ਵੱਡੀ ਗੜਬੜ ਦੇ ਇਲਜ਼ਾਮ ਲਾਏ ਜਾ ਰਹੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਨੇ ਲਿਖਤੀ ਸ਼ਿਕਾਇਤ ਨਹੀਂ ਕੀਤੀ।

ਵੈਸੇ ਚੋਣ ਕਮਿਸ਼ਨ ਨੇ ਵੱਖ-ਵੱਖ ਖ਼ਬਰਾਂ ਦਾ ਨੋਟਿਸ ਲੈਂਦਿਆਂ ਈ ਓਜ਼ ਨੂੰ ਨਿਰਦੇਸ਼ ਦਿੱਤੇ ਹਨ ਕਿ ਹਰ ਅਧਿਕਾਰੀ ਸਵੇਰੇ 9 ਤੋਂ 5 ਵਜੇ ਤੱਕ ਦਫਤਰ ਬੈਠੇ ਤੇ ਪਾਰਟੀਆਂ ਦੇ ਗਿਲੇ ਸ਼ਿਕਵੇ ਸੁਣੇ ਤਾਂ ਕਿ ਚੋਣ ਕਮਿਸ਼ਨ ਪ੍ਰਤੀ ਕੋਈ ਅਸੰਤੁਸ਼ਟੀ ਜ਼ਾਹਰ ਨਾ ਹੋਵੇ। ਚੋਣ ਕਮਿਸ਼ਨ ਨੇ ਹੇਠਲੇ ਅਧਿਕਾਰੀਆਂ ਨੂੰ ਸਖ਼ਤੀ ਨਾਲ ਕਿਹਾ ਕਿ ਜੇ ਕਿਸੇ ਅਧਿਕਾਰੀ ਨੇ ਹੁਕਮਾਂ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇਗੀ।

ਚੋਣ ਕਮਿਸ਼ਨ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਚੋਣਾਂ ਨੇ ਸਹੀ ਤਰੀਕੇ ਨਾਲ ਨੇਪਰੇ ਚੜ੍ਹਿਆ ਜਾਵੇ ਤਾਂ ਕਿ ਚੋਣ ਕਮਿਸ਼ਨ 'ਤੇ ਕੋਈ ਸਵਾਲ ਨਾ ਉੱਠਣ। ਦਰਅਸਲ ਅਕਾਲੀ ਦਲ-ਬੀਜੇਪੀ ਤੇ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕੀਤੇ ਜਾ ਰਹੇ। ਇਸੇ ਮਸਲੇ ਤੇ ਅੱਜ ਅਕਾਲੀ ਦਲ ਤੇ ਬੀਜੇਪੀ ਦਾ ਵਫ਼ਦ ਚੋਣ ਕਮਿਸ਼ਨ ਦੇ ਮੁਖੀ ਜਗਪਾਲ ਸੰਧੂ ਨੂੰ ਮਿਲਿਆ ਹੈ।