ਚੰਡੀਗੜ੍ਹ: ਕੈਬਨਿਟ ਮੰਤਰੀ ਓਪੀ ਸੋਨੀ ਨੇ ਇਸ ਗੱਲ ਦਾ ਇਕਬਾਲ ਕੀਤਾ ਹੈ ਕਿ ਉਨ੍ਹਾਂ ਦੀ ਕੈਪਟਨ ਸਰਕਾਰ ਸੂਬੇ ਵਿੱਚੋਂ ਨਸ਼ਾ ਖ਼ਤਮ ਨਹੀਂ ਕਰ ਸਕੀ। ਜਲੰਧਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸੋਨੀ ਨੇ ਕਿਹਾ ਕਿ ਹਾਲੇ ਵੀ ਨਸ਼ੇ ਦੀ ਸਮੱਸਿਆ ਬਰਕਰਾਰ ਹੈ।


ਸੋਨੀ ਨੇ ਕਿਹਾ ਕਿ ਸਾਡੀ ਸਰਕਾਰ ਪੰਜਾਬ ਵਿੱਚੋਂ ਪੂਰੀ ਤਰ੍ਹਾਂ ਨਸ਼ਾ ਖ਼ਤਮ ਨਹੀਂ ਕਰ ਸਕੀ। ਹਾਲੇ ਵੀ ਪੰਜਾਬ ਵਿੱਚ 15-20 ਫੀਸਦੀ ਨਸ਼ਾ ਵਿਕ ਰਿਹਾ ਹੈ। ਸਰਕਾਰ ਨੂੰ ਉਚਿਤ ਕਦਮ ਚੁੱਕਣੇ ਤੇ ਇਸ ਪਾਸੇ ਹਾਲੇ ਬਹੁਤ ਕੁਝ ਕਰਨ ਦੀ ਲੋੜ ਹੈ। ਉਹ ਇੱਥੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰਨ ਲਈ ਪੁੱਜੇ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਸ਼ਿਕਾਇਤ ਕਮੇਟੀ ਕੋਲ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਦਰਜਨਾਂ ਸ਼ਿਕਾਇਤਾਂ ਆਈਆਂ ਹਨ, ਜਿਨ੍ਹਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਬਿਜਲੀ ਮਹਿਕਮੇ ਨਾਲ ਸਬੰਧਤ ਵੀ ਅਨੇਕਾਂ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਦੇ ਹੱਲ ਲਈ ਸਰਕਾਰ ਵਚਨਬੱਧ ਹੈ।