ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪਿਛਲੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਾਲੀ ਸਕੀਮ ਸ਼ੁਰੂ ਕਰ ਦਿੱਤੀ ਹੈ। ਕੈਪਟਨ ਸਰਕਾਰ ਸਕੂਲੀ ਵਿਦਿਆਰਥੀਆਂ ਨੂੰ ਸਾਈਕਲ ਦੇਣ ਜਾ ਰਹੀ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਸਰਕਾਰੀ ਸਕੂਲਾਂ ਨੂੰ ਸਮਾਰਟ ਵੀ ਬਣਾਇਆ ਜਾਵੇਗਾ।
ਅੰਮ੍ਰਿਤਸਰ ਪਹੁੰਚੇ ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸਕੂਲੀ ਬੱਚੀਆਂ ਨੂੰ ਸਾਈਕਲ ਵੰਡਦਿਆਂ ਕਿਹਾ ਕਿ ਸਰਕਾਰ ਨੇ ਬਜਟ ਨੂੰ ਪੂਰਾ ਕਰ ਲਿਆ ਹੈ। ਮਾਈ ਭਾਗੋ ਸਕੀਮ ਤਹਿਤ ਸਾਈਕਲ ਵਿਦਿਆਰਥੀਆਂ ਨੂੰ ਵੰਡੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ 31 ਮਾਰਚ ਤਕ 4,700 ਸਮਾਰਟ ਸਕੂਲ ਵੀ ਬਣਾਏ ਜਾਣਗੇ।
ਸੋਨੀ ਦੇ ਸਾਥੀ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਮਹਿਲਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਾਲ ਕੀਤੇ ਮਾੜੇ ਵਿਹਾਰ ਦੇ ਮਾਮਲੇ 'ਤੇ ਸਿੱਖਿਆ ਮੰਤਰੀ ਨੇ ਗੋਲਮੋਲ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦਾ ਆਪਣਾ ਸਮਾਗਮ ਸੀ, ਇਸ ਕਰਕੇ ਅਧਿਕਾਰੀ ਨੂੰ ਉੱਥੇ ਪਹਿਲਾਂ ਪਹੁੰਚਣਾ ਚਾਹੀਦਾ ਸੀ, ਪਰ ਫਿਰ ਵੀ ਇਹ ਮਾਮਲਾ ਸੁਲਝਾ ਲਿਆ ਗਿਆ ਹੈ। ਸੋਨੀ ਨੇ ਕਿਹਾ ਕਿ ਹਰ ਗੱਲ ਨੂੰ ਨਾਂਹਪੱਖੀ ਨਹੀਂ ਲਿਆ ਜਾ ਸਕਦਾ।
ਸੋਨੀ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਲੋਕਾਂ ਨੂੰ ਰਾਹਤ ਦੇ ਮਾਮਲੇ 'ਤੇ ਕਿਹਾ ਕਿ ਇਹ ਰਾਹਤ ਤਾਂ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਪਹਿਲਾਂ ਦੇਣੀਆਂ ਚਾਹੀਦੀਆਂ ਸਨ ਨਾ ਕਿ ਚੋਣਾਂ ਨੇੜੇ ਹੋਣ ਕਾਰਨ ਐਲਾਨਣੀਆਂ ਚਾਹੀਦੀਆਂ ਸਨ। ਉਨ੍ਹਾਂ ਅਕਾਲੀ ਦਲ ਤੇ ਭਾਜਪਾ ਦੇ ਰਿਸ਼ਤਿਆਂ ਵਿੱਚ ਪਈ ਖਟਾਸ 'ਤੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਲੜ ਚੁੱਕੀਆਂ ਹਨ ਉਨ੍ਹਾਂ ਬਾਰੇ ਕੀ ਕਿਹਾ ਜਾ ਸਕਦਾ ਹੈ।