ਲੁਧਿਆਣਾ: ਪੰਜਾਬ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਵੀ ਸਕੂਲੀ ਸਿੱਖਿਆ ਵਿਭਾਗ ਜਿਹਾ ਅਹਿਮ ਮਹਿਕਮਾ ਖੁੱਸ ਜਾਣ ਤੋਂ ਔਖੇ ਹਨ। ਹਾਲਾਂਕਿ, ਉਹ ਮੁੱਖ ਮੰਤਰੀ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਤਾਂ ਕੁਝ ਬੋਲ ਨਹੀਂ ਸਕੇ ਪਰ ਕੈਪਟਨ ਦੇ ਅਫਸਰਾਂ ਖ਼ਿਲਾਫ਼ ਆਵਾਜ਼ ਜ਼ਰੂਰ ਬੁਲੰਦ ਕੀਤੀ ਹੈ। ਸੋਨੀ ਕਹਿ ਰਹੇ ਹਨ ਕਿ ਪੰਜਾਬ ਵਿੱਚ ਅਫਸਰਸ਼ਾਹੀ ਦਾ ਹੀ ਬੋਲਬਾਲਾ ਹੈ।


ਲੁਧਿਆਣਾ ਪਹੁੰਚੇ ਓਪੀ ਸੋਨੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅਫ਼ਸਰਸ਼ਾਹੀ ਮੰਤਰੀਆਂ 'ਤੇ ਹਾਵੀ ਹੈ। ਸੋਨੀ ਨੇ ਆਪਣੇ ਕੈਪਟਨ ਦੇ ਮੁੱਖ ਸਕੱਤਰ 'ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਉਹ ਕਿਸੇ ਵੀ ਅਫਸਰ ਤੋਂ ਨਹੀਂ ਡਰਦੇ ਨਾ ਹੀ ਡਰਨਗੇ, ਬੇਸ਼ੱਕ ਉਹ ਚੀਫ਼ ਸਕੱਤਰ ਸੁਰੇਸ਼ ਕੁਮਾਰ ਹੀ ਕਿਓਂ ਨਾ ਹੋਵੇ।

ਸਿੱਧੂ ਦਾ ਵੀ ਵਿਭਾਗ ਬਦਲਣ 'ਤੇ ਸੋਨੀ ਨੇ ਕਿਹਾ ਕਿ ਉਹ ਉਨ੍ਹਾਂ ਦੇ ਵੱਡੇ ਭਰਾ ਹਨ, ਇਸ ਲਈ ਉਹ ਉਨ੍ਹਾਂ ਬਾਰੇ ਕੁਝ ਨਹੀਂ ਕਹਿਣਗੇ। ਹਾਲਾਂਕਿ, ਉਨ੍ਹਾਂ ਵੀ ਸਿੱਧੂ ਵਾਂਗ ਆਪਣੇ ਵਿਭਾਗ ਦਾ ਪ੍ਰਦਰਸ਼ਨ ਸਰਵੋਤਮ ਦੱਸਿਆ, ਪਰ ਉਨ੍ਹਾਂ ਵਾਂਗ ਸਟੀਕ ਅੰਕੜੇ ਨਹੀਂ ਪੇਸ਼ ਕਰ ਸਕੇ। ਸੋਨੀ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਸਿੱਖਿਆ ਵਿਭਾਗ ਦਾ ਪ੍ਰਦਰਸ਼ਨ ਦੇਖਿਆ ਜਾਵੇ ਤਾਂ ਇਹ ਪਿਛਲੇ ਕਈ ਸਾਲਾਂ ਤੋਂ ਵਧੀਆ ਰਹੀ ਹੈ।