ਇਤਿਹਾਸ ਦੀ ਕਿਤਾਬ 'ਚ ਗਲਤੀਆਂ ਬਾਰੇ ਬੋਲੇ ਸਿੱਖਿਆ ਮੰਤਰੀ ਸੋਨੀ
ਏਬੀਪੀ ਸਾਂਝਾ | 02 Nov 2018 06:32 PM (IST)
ਚੰਡੀਗੜ੍ਹ: ਪੰਜਾਬ ਦੀ 10ਵੀਂ ਤੇ 12ਵੀਂ ਜਮਾਤ ਦੀਆਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਨਾਲ ਛੇੜਛਾੜ ਬਾਰੇ ਸਫਾਈ ਦਿੰਦਿਆਂ ਸਿੱਖਿਆ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਇਹ ਕਿਤਾਬਾਂ ਸਰਕਾਰ ਵੱਲੋਂ ਗਠਿਤ ਕੀਤੀ ਕਮੇਟੀ ਵੱਲੋਂ ਤਿਆਰ ਕੀਤੀਆਂ ਗਈਆਂ ਹਨ। ਗਲਤੀਆਂ ਸਾਹਮਣੇ ਆਉਂਦਿਆਂ ਹੀ ਇਤਿਹਾਸ ਦੇ ਉਹ ਪਾਠ ਹਟਾ ਲਏ ਗਏ ਸਨ। ਹੁਣ ਬੱਚਿਆਂ ਨੂੰ ਪੁਰਾਣੀਆਂ ਕਿਤਾਬਾਂ ਪੜ੍ਹਨ ਲਈ ਹੀ ਕਿਹਾ ਗਿਆ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਰਿਪੋਰਟ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਰਿਪੋਰਟ ਤੋਂ ਹੀ ਖ਼ੁਲਾਸਾ ਹੋ ਸਕੇਗਾ ਕਿ ਆਖਰ ਗ਼ਲਤੀ ਕਿਸ ਪਾਸਿਓਂ ਹੋਈ ਹੈ। ਕਮੇਟੀ ਵੱਲੋਂ ਘੱਟ ਸਮਾਂ ਦੇਣ ਦੇ ਬਿਆਨ ਸਬੰਧੀ ਸੋਨੀ ਨੇ ਕਿਹਾ ਕੇ ਇਤਿਹਾਸ ਦੀਆਂ ਕਿਤਾਬਾਂ ਲਿਖਣ ਦੀ ਜ਼ਿੰਮੇਵਾਰੀ ਕਮੇਟੀ ਦੀ ਸੀ ਪਰ ਫਿਰ ਵੀ ਗਲਤੀ ਦਾ ਪਤਾ ਲਾਉਣ ਲਈ ਰਿਪੋਰਟ ਤਿਆਰ ਕੀਤੀ ਜਾਏਗੀ। ਇਹ ਵੀ ਪੜ੍ਹੋ- ਸਿੱਖ ਧਰਮ ਦਾ ਨਿਰਾਦਰ ਕਰਨ ਲਈ ਕੈਪਟਨ ਮੁਆਫੀ ਮੰਗੇ! ਹਾਲਾਂਕਿ ਸਿੱਖਿਆ ਮੰਤਰੀ ਨੇ ਕਿਸੇ ਖਿਲਾਫ ਕਾਰਵਾਈ ਕਰਨ ਬਾਰੇ ਕੋਈ ਬਿਆਨ ਨਹੀਂ ਦਿੱਤਾ, ਬਲਕਿ ਰਿਪੋਰਟ ਤਿਆਰ ਕਰਨ ਤਕ ਹੀ ਆਪਣੀ ਗੱਲ ਸੀਮਤ ਰੱਖੀ। ਅਕਾਲੀ ਦਲ ਦੇ ਧਰਨੇ ਬਾਰੇ ਉਨ੍ਹਾਂ ਜਵਾਬ ਦਿੱਤਾ ਕਿ ਅਕਾਲੀ ਦਲ ਜਿੰਨਾ ਆਪਣੇ ਆਪ ਨੂੰ ਸਿੱਖਾਂ ਦੀ ਹਮਾਇਤ ਕਰਨ ਦਾ ਦਾਅਵਾ ਕਰਦਾ ਹੈ, ਓਨਾ ਤੋਂ ਵੱਡੇ ਸਿੱਖ ਤਾਂ ਅਸੀਂ ਹਾਂ।