ਚੰਡੀਗੜ੍ਹ: ਜੂਨ 1984 ਵਿੱਚ ਕੀਤੇ ਆਪ੍ਰੇਸ਼ਨ ਬਲੂ ਸਟਾਰ ਨੂੰ 34 ਸਾਲ ਹੋ ਗਏ ਹਨ। ਭਾਰਤੀ ਫੌਜ ਦੇ ਇਸ ਆਪ੍ਰੇਸ਼ਨ ਨੇ ਪੂਰੇ ਦੇਸ਼ ਤੇ ਖਾਸਕਰ ਪੰਜਾਬ ਨੂੰ ਅੱਗ ਦੀ ਲਪੇਟ ਵਿੱਚ ਲੈ ਲਿਆ ਸੀ। ਆਪ੍ਰੇਸ਼ਨ ਬਲੂ ਸਟਾਰ ਮਗਰੋਂ ਸਿੱਖ ਭਾਈਚਾਰੇ ਵਿੱਚ ਵਿਆਪਕ ਰੋਸ ਪੈਦਾ ਹੋਇਆ ਤੇ ਵੱਡੇ-ਵੱਡੇ ਅਹੁਦਿਆਂ 'ਤੇ ਤਾਇਨਾਤ ਸਿੱਖਾਂ ਅਫਸਰਾਂ ਤੇ ਸਿਆਸਤਦਾਨਾਂ ਨੇ ਅਤਸੀਫੇ ਦੇ ਦਿੱਤੇ ਸੀ।


 

ਇਸ ਫੌਜੀ ਆਪ੍ਰੇਸ਼ਨ ਮਗਰੋਂ ਸਿੱਖ ਸੁਰੱਖਿਆ ਗਾਰਡਾਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ। ਇੰਦਰਾ ਦੇ ਕਤਲ ਮਗਰੋਂ ਦੇਸ਼ ਭਰ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਪੰਜਾਬ ਵਿੱਚ ਵੱਖ ਦੇਸ਼ ਖਾਲਿਸਤਾਨ ਦੀ ਮੰਗ ਉੱਠੀ। ਇਸ ਖਾਲਿਸਤਾਨੀ ਲਹਿਰ ਵਿੱਚ ਲੱਖਾਂ ਪੰਜਾਬੀ ਮਾਰੇ ਗਏ।

ਆਪ੍ਰੇਸ਼ਨ ਬਲੂ ਸਟਾਰ ਦੇ ਨਿਸ਼ਾਨ ਅਜੇ ਵੀ ਸ਼੍ਰੀ ਦਰਬਾਰ ਸਹਿਬ ਸਮੂਹ ਵਿੱਚ ਵੇਖੇ ਜਾ ਸਕਦੇ ਹਨ। ਅਕਾਲ ਤਖ਼ਤ ਦੇ ਨੇੜੇ ਡਿਉਢੀ ਉਪਰ ਤੇ ਹੋਰ ਥਾਵਾਂ ’ਤੇ ਆਪ੍ਰੇਸ਼ਨ ਬਲੂ ਸਟਾਰ ਸਮੇਂ ਹੋਈ ਗੋਲੀਬਾਰੀ ਦੇ ਨਿਸ਼ਾਨ ਹਨ। ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਗੋਲੀਆਂ ਦੇ ਤਕਰੀਬਨ 147 ਨਿਸ਼ਾਨ ਹਨ। ਉਂਝ ਅਕਾਲ ਤਖ਼ਤ 'ਤੇ ਲੱਗੇ ਨਿਸ਼ਾਨ ਉਸ ਵੇਲੇ ਮਿਟਾ ਦਿੱਤੇ ਗਏ ਸੀ।


 

ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਤੇ ਬੁਲਾਰੇ ਦਿਲਜੀਤ ਸਿੰਘ ਬੇਦੀ ਦਾ ਕਹਿਣਾ ਹੈ ਕਿ ਆਪ੍ਰੇਸ਼ਨ ਬਲੂ ਸਟਾਰ ਸਮੇਂ ਹੋਈ ਗੋਲੀਬਾਰੀ ਦੇ ਨਿਸ਼ਾਨਾ ਨੂੰ ਵੀ ਸਾਂਭਿਆ ਜਾਵੇਗਾ। ਉਨ੍ਹਾਂ ਕਿਹਾ ਕਿ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਗੋਲੀਆਂ ਦੇ 147 ਨਿਸ਼ਾਨ ਹਨ। ਉਨ੍ਹਾਂ ਨੂੰ ਹੁਣ ਸਾਂਭਿਆ ਗਿਆ ਹੈ। ਇਨ੍ਹਾਂ ਦੇ ਆਲੇ-ਦੁਆਲੇ ਸਟੀਲ ਦਾ ਫਰੇਮ ਲਾਇਆ ਗਿਆ ਹੈ। ਇਸ ਤਰ੍ਹਾਂ ਦਰਸ਼ਨੀ ਡਿਉਢੀ ਦੀ ਇਮਾਰਤ ’ਤੇ ਵੀ ਅਜਿਹੇ ਨਿਸ਼ਾਨ ਸਾਂਭੇ ਹੋਏ ਹਨ।


ਉਨ੍ਹਾਂ ਨੇ ਕਿਹਾ ਕਿ ਜੂਨ 1984 ਵਿੱਚ ਉਸ ਵੇਲੇ ਦੀ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਫੌਜੀ ਹਮਲੇ ਨੂੰ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ। ਇਸ ਸਬੰਧੀ ਸਾਲਾਨਾ ਯਾਦ ਸਮਾਗਮ ਖਾਲਸਾ ਪੰਥ ਵੱਲੋਂ ਵੈਰਾਗਮਈ ਭਾਵਨਾ ਨਾਲ ਮਨਾਇਆ ਜਾਵੇਗਾ।