ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿੱਚ ਖਾਨਾਜੰਗੀ ਜਾਰੀ ਹੈ। ਜਿਹੜ ਵੀ ਲੀਡਰ ਉੱਭਰਨ ਲੱਗਦਾ ਹੈ, ਉਸ ਖਿਲਾਫ ਸਾਜਿਸ਼ਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਵਾਰ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨਿਸ਼ਾਨੇ 'ਤੇ ਹਨ। ਸੋਸ਼ਲ ਮੀਡੀਆ ’ਤੇ ਆਡੀਓ ਵਾਇਰਲ ਹੋਈ ਹੈ। ਇਸ ਵਿੱਚ ਖਹਿਰਾ ਖਿਲਾਫ ਸਾਜਿਸ਼ ਘੜੀ ਜਾ ਰਹੀ ਹੈ।   ਖਹਿਰਾ ਦਾ ਦਾਅਵਾ ਹੈ ਕਿ ਆਡੀਓ ਵਿੱਚ ਇਹ ਪੰਜਾਬ ਦੇ ਸੰਗਠਨ ਦੇ ਇੰਚਾਰਜ ਗੈਰੀ ਵੜਿੰਗ ਤੇ ਦਿੱਲੀ ਤੋਂ ‘ਆਪ’ ਆਗੂ ਸੁਮੀਤ ਯਾਦਵ ਵਿਚਾਲੇ ਗੱਲਬਾਤ ਹੈ। ਖਹਿਰਾ ਮੁਤਾਬਕ ਆਡੀਓ ਵਿੱਚ ਯਾਦਵ ਵੱਲੋਂ ਵੜਿੰਗ ਨੂੰ ਕਿਹਾ ਜਾ ਰਿਹਾ ਹੈ ਕਿ ਭਵਿੱਖ ਵਿੱਚ ਉਹ ਖਹਿਰਾ ਉਪਰ ਕਿਵੇਂ ਵਿਸ਼ਵਾਸ ਕਰ ਸਕਦੇ ਹਨ। ਅੱਗੋਂ ਵੜਿੰਗ ਕਹਿੰਦੇ ਹਨ, ‘‘ਹੁਣ ਖਹਿਰਾ ’ਤੇ ਵਿਸ਼ਵਾਸ ਨਹੀਂ ਕਰ ਸਕਦੇ, ਪਰ ਇਸ ਸਮੇਂ ਉਸ ਨੂੰ ਹਟਾ ਵੀ ਨਹੀਂ ਸਕਦੇ ਕਿਉਂਕਿ ਖਹਿਰਾ ਦਾ ਕੱਦ ਬੜਾ ਵੱਡਾ ਹੋ ਗਿਆ ਹੈ। ਇਸ ਕਾਰਨ 6 ਮਹੀਨਿਆਂ ਦੌਰਾਨ ਜਾਂ ਤਾਂ ਹੋਰ ਆਗੂਆਂ ਦਾ ਕੱਦ ਵਧਾਉਣਾ ਪਵੇਗਾ ਜਾਂ ਖਹਿਰਾ ਦਾ ਕੱਦ ਘਟਾਉਣਾ ਪਵੇਗਾ।’’ ਖਹਿਰਾ ਨੇ ਦੋਸ਼ ਲਾਇਆ ਹੈ ਕਿ ਪਾਰਟੀ ਦੇ ਹੀ ਕੁਝ ਆਗੂ ਉਸ ਦੀਆਂ ਜੜ੍ਹਾਂ ਵੱਢ ਰਹੇ ਹਨ। ਖਾਸ ਗੱਲ਼ ਇਹ ਹੈ ਕਿ ਆਡੀਓ ਬੜੇ ਸਾਜਿਸ਼ੀ ਢੰਗ ਨਾਲ ਆਡਿਟ ਕੀਤੀ ਗਈ ਹੈ। ਇਸ ਵਿੱਚ ਸਿਰਫ ਖਹਿਰਾ ਵਿਰੁੱਧ ਹੋਈ ਗੱਲਬਾਤ ਹੀ ਹੈ। ਗੈਰੀ ਵੜਿੰਗ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਪੰਜਾਬ ਯੂਨਿਟ ਦੇ ਇੰਚਾਰਜ ਦੁਰਗੇਸ਼ ਪਾਠਕ ਦੀ ਟੀਮ ਦਾ ਅਹਿਮ ਮੈਂਬਰ ਸੀ। ਸੂਤਰਾਂ ਅਨੁਸਾਰ ਇਹ ਆਡੀਓ ਉਦੋਂ ਦੀ ਹੈ, ਜਦੋਂ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਰੱਗ ਮਾਮਲੇ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਕੋਲੋਂ ਮਾਣਹਾਨੀ ਦੇ ਕੇਸ ’ਚ ਮੁਆਫੀ ਮੰਗੀ ਸੀ। ਉਦੋਂ ਖਹਿਰਾ ਨੇ ਕੇਜਰੀਵਾਲ ਦੀ ਇਸ ਕਾਰਵਾਈ ਦਾ ਭਾਰੀ ਵਿਰੋਧ ਕੀਤਾ ਸੀ। ਖਹਿਰਾ ਦਾ ਕਹਿਣਾ ਹੈ ਕਿ ਪਾਰਟੀ ਦੇ ਬੰਦਿਆਂ ਵੱਲੋਂ ਹੀ ਉਸ ਵਿਰੁੱਧ ਸਾਜ਼ਿਸ਼ਾਂ ਘੜਨ ਦਾ ਉਸ ਨੂੰ ਬੜਾ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪਾਰਟੀਆਂ ਨਹੀਂ ਚੱਲ ਸਕਦੀਆਂ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹੀ ਕੁਝ ਬੰਦੇ ਉਨ੍ਹਾਂ ਤੇ ਹਾਈਕਮਾਂਡ ਵਿਚ ਪਾੜਾ ਪੈਦਾ ਕਰ ਰਹੇ ਹਨ।