Sunil jakhar Update: ਆਪਣੇ ਨਿਰਪੱਖ ਨਜ਼ਰੀਏ ਲਈ ਜਾਣੇ ਜਾਂਦੇ ਲੀਡਰ ਸੁਨੀਲ ਜਾਖੜ (Sunil jakhar) ਜੋ ਕਿ ਪਿਛਲੇ ਕਈ ਦਿਨਾਂ ਤੋਂ ਗ਼ਾਇਬ ਨੇ, ਹੁਣ ਨਾਲ ਮੁਤੱਲਕ ਇੱਕ ਜਾਣਕਾਰੀ ਸਾਹਮਣੀ ਆਈ ਹੈ ਜਿਸ ਵਿੱਚ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਹਾ ਹੈ ਕਿ ਸੂਬੇ ਦੇ ਮੁੱਦਿਆਂ ਪ੍ਰਤੀ ਭਾਜਪਾ ਤੇ ਕੇਂਦਰ ਦੀ ਪਹੁੰਚ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀਆਂ ਨਾਲ ਜੁੜੇ ਭਾਵਨਾਤਮਕ ਮਾਮਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਣਾ ਚਾਹੀਦਾ ਹੈ।


ਇਸ ਤੋਂ ਬਾਅਦ ਸਿਆਸੀ ਲੀਡਰਾਂ ਨੇ ਜਾਖੜ ਦੇ ਇਸ ਸਟੈਂਡ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਜਾਖੜ ਦੇ ਇਸ ਸਟੈਂਡ ਨੂੰ ਦਲੇਰਾਨਾ ਦੱਸਿਆ ਹੈ।


ਕਾਂਗਰਸ ਨੇ ਕੀ ਕਿਹਾ ?


ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ, ਭਾਵੇਂ ਅਸੀਂ ਵੱਖੋ-ਵੱਖਰੀਆਂ ਸਿਆਸੀ ਪਾਰਟੀਆਂ ਨਾਲ ਸਬੰਧ ਰੱਖਦੇ ਹਾਂ ਪਰ ਮੈਂ ਸੁਨੀਲ ਜਾਖੜ ਵੱਲੋਂ ਲਏ ਗਏ ਦਲੇਰ ਸਟੈਂਡ ਦੀ ਸ਼ਲਾਘਾ ਕਰਦਾ ਹਾਂ ਜਿਸ ਵਿੱਚ ਉਹ ਭਾਰਤੀ ਜਨਤਾ ਪਾਰਟੀ ਨੂੰ ਸਲਾਹ ਦੇ ਰਹੇ ਹਨ ਕਿ ਪੰਜਾਬ ਦੇ ਭਖਦੇ ਮਸਲਿਆਂ ਪ੍ਰਤੀ ਵਧੇਰੇ ਸਕਾਰਾਤਮਕ ਹੋਣ ਦੀ ਲੋੜ ਹੈ, ਚਾਹੇ ਕਿਸਾਨ ਅੰਦੋਲਨ ਹੋਵੇ ਜਾਂ ਡੇਰਾ ਸੱਚਾ ਸੌਦਾ ਦਾ ਸਿਆਸੀਕਰਨ ਆਦਿ, ਸੂਬੇ ਦੇ ਲੋਕਾਂ ਲਈ ਪਾਰਟੀ ਹਾਈਕਮਾਂਡ ਅੱਗੇ ਖੜ੍ਹੇ ਹੋਣ ਲਈ ਵੀ ਹਿੰਮਤ ਤੇ ਸਿਆਸੀ ਇੱਛਾ ਦੀ ਲੋੜ ਹੁੰਦੀ ਹੈ।






ਅਕਾਲੀ ਦਲ ਨੇ ਕੀ ਕਿਹਾ ?


ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪਰਮਬੰਸ ਸਿੰਘ ਬੰਟੀ ਰੋਮਣਾ ਨੇ ਕਿਹਾ ਕਿ, ਜਾਖੜ ਨਾਲ ਸਾਡੇ ਸਿਆਸੀ ਮਤਭੇਦ ਹੋ ਸਕਦੇ ਹਨ ਪਰ ਮੈਂ ਪੰਜਾਬ ਦੇ ਹਿੱਤ ਵਿੱਚ ਇਹ ਦਲੇਰੀ ਭਰਿਆ ਸਟੈਂਡ ਲੈਣ ਲਈ ਉਹਨਾਂ ਦਾ ਧੰਨਵਾਦ ਕਰਦਾ ਹਾਂ ਅਤੇ ਸਲਾਮ ਕਰਦਾ ਹਾਂ। ਜਾਖੜ ਨੇ ਭਾਜਪਾ ਲੀਡਰਸ਼ਿਪ ਨੂੰ ਕਿਹਾ ਕਿ ਉਨ੍ਹਾਂ ਨੂੰ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਪੰਜਾਬ ਪ੍ਰਤੀ ਆਪਣਾ ਨਜ਼ਰੀਆ ਬਦਲਣਾ ਚਾਹੀਦਾ ਹੈ।