ਵਿਸ਼ਵ ਪ੍ਰਸਿੱਧ ਸ੍ਰੀ ਦੁਰਗਿਆਣਾ ਤੀਰਥ ਵਿਖੇ ਹਰ ਸਾਲ ਹੀ ਅਸੂ ਦੇ ਨਵਰਾਤਰਿਆਂ ਵਿਖੇ ਲੰਗੂਰ ਮੇਲਾ ਲੱਗਦਾ ਹੈ। ਇਸ ਪ੍ਰਾਚੀਨ ਲੰਗੂਰ ਮੇਲੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਲੋਕ ਸ੍ਰੀ ਬੜਾ ਹਨੂੰਮਾਨ ਮੰਦਰ ਵਿਖੇ ਨਤਮਸਤਕ ਹੋਣ ਪਹੁੰਚਦੇ ਹਨ। ਇਸ ਮੇਲੇ ਦੌਰਾਨ ਸ਼ਰਧਾਲੂ ਆਪਣੇ ਬੱਚਿਆਂ ਨੂੰ ਲੰਗੂਰ ਦਾ ਚੋਲਾ ਪਵਾ ਕੇ ਭਗਵਾਨ ਸ੍ਰੀ ਬੜਾ ਹਨੂੰਮਾਨ ਮੰਦਰ ਵਿਖੇ ਨਤਮਸਤਕ ਹੋਣ ਲਈ ਪਹੁੰਚਦੇ ਹਨ। 


ਪੂਰੇ ਵਿਸ਼ਵ ਭਰ ਦੇ ਵਿੱਚ ਨਵਰਾਤਰੇ ਮਨਾਏ ਜਾਣਗੇ ਅਤੇ ਅੰਮ੍ਰਿਤਸਰ ਦੇ ਵਿੱਚ ਨਵਰਾਤਰੇ ਵਾਲੇ ਦਿਨ ਤੋਂ ਹੀ ਲੰਗੂਰ ਉਤਸਵ ਦੀ ਸ਼ੁਰੂਆਤ ਹੋ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਪੂਰੇ ਵਿਸ਼ਵ ਭਰ ਦੇ ਵਿੱਚ ਅੰਮ੍ਰਿਤਸਰ ਦੇ ਸ੍ਰੀ ਬੜਾ ਹਨੂੰਮਾਨ ਮੰਦਿਰ ਦੇ ਵਿੱਚ ਹੀ ਬੱਚੇ ਲੰਗੂਰ ਬਣਦੇ ਹਨ।


ਹੋਰ ਪੜ੍ਹੋ : ਨਵਰਾਤਰੀ ਦੇ ਪਹਿਲੇ ਦਿਨ ਸੋਨਾ ਸਸਤਾ ਜਾਂ ਮਹਿੰਗਾ? ਜਾਣੋ 24 ਕੈਰੇਟ ਅਤੇ 22 ਕੈਰੇਟ ਸੋਨੇ ਦਾ ਰੇਟ?


ਉੱਥੇ ਹੀ ਮੰਦਿਰ ਦੇ ਪੰਡਿਤ ਮੇਘ ਸ਼ਾਮ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ 3 ਅਕਤੂਬਰ ਤੋਂ ਅਸੂ ਦੇ ਨਵਰਾਤਰੇ ਆਰੰਭ ਹੋਣ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਇਸ ਇਤਿਹਾਸਿਕ ਮੇਲੇ ਦੀ ਵਿਧੀ ਦੇ ਮੁਤਾਬਿਕ ਜੋ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਬਣਾਉਂਦੇ ਹਨ, ਉਹ ਚਾਕੂ ਦਾ ਕੱਟਿਆ ਨਹੀਂ ਖਾਂਦੇ, ਬੈੱਡ ਆਦਿ ‘ਤੇ ਨਹੀਂ ਸੌਂਦੇ। ਉਨ੍ਹਾਂ ਦੱਸਿਆ ਕਿ ਮੇਲੇ ਦੇ ਮੱਦੇਨਜ਼ਰ ਮੰਦਰ ਵਿਖੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਅਤੇ ਪ੍ਰਬੰਧਕਾਂ ਦੇ ਮੁਤਾਬਿਕ ਬੀਤੇ ਸਾਲਾਂ ਨਾਲੋਂ ਇਸ ਵਾਰ ਵੱਡੀ ਗਿਣਤੀ ਵਿੱਚ ਲੰਗੂਰ ਸ੍ਰੀ ਬੜਾ ਹਨੂੰਮਾਨ ਮੰਦਰ ਵਿਖੇ ਨਤਮਸਤਕ ਹੋਣ ਪਹੁੰਚ ਰਹੇ ਹਨ।



ਸੌ ਸਾਲ ਪੁਰਾਣਾ ਇਤਿਹਾਸ


ਪੰਡਿਤ ਜੀ ਨੇ ਕਿਹਾ ਕਿ ਇਸ ਮੰਦਿਰ ਦਾ ਇਤਿਹਾਸ ਕਈ ਸੌ ਸਾਲ ਪੁਰਾਣਾ ਹੈ ਅਤੇ ਪੁਰਾਤਨ ਰੀਤੀ-ਰਿਵਾਜਾਂ ਦੇ ਮੁਤਾਬਿਕ ਹੀ ਇਸ ਮੰਦਿਰ ਵਿਖੇ ਹਰ ਸਾਲ ਸਾਲਾਨਾ ਲੰਗੂਰ ਮੇਲਾ ਲੱਗਦਾ ਹੈ ਜੋ ਕਿ ਅਸੂ ਦੇ ਨਵਰਾਤਰਿਆਂ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ । ਉਹਨਾਂ ਦੱਸਿਆ ਕਿ ਪਰੰਪਰਿਕ ਪੁਸ਼ਾਕਾਂ ਧਾਰਨ ਕਰਕੇ ਹੀ ਲੰਗੂਰ ਪ੍ਰਭੂ ਸ੍ਰੀ ਹਨੂੰਮਾਨ ਜੀ ਦੇ ਅੱਗੇ ਨਤਮਸਤਕ ਹੋਣ ਪਹੁੰਚਦੇ ਹਨ ਅਤੇ ਉਹਨਾਂ ਦਾ ਆਸ਼ੀਰਵਾਦ ਲੈਂਦੇ ਹਨ ।


ਉਹਨਾਂ ਕਿਹਾ ਕਿ ਲੰਗੂਰ ਬਣੇ ਬੱਚੇ ਦੇ ਮਾਪਿਆਂ ਨੂੰ ਵੀ ਸਦੀਆਂ ਤੋਂ ਚੱਲਦੀ ਆ ਰਹੀ ਪਰੰਪਰਾ ਦੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਪੰਡਿਤ ਜੀ ਨੇ ਕਿਹਾ ਕਿ ਸ੍ਰੀ ਹੰਨੂਮਾਨ ਜੀ ਦੀਆਂ ਬੈਠੀ ਮੁੰਦਰਾ ਜੋ ਵਿਸ਼ਵ 'ਚੋਂ ਸਿਰਫ ਦੋ ਹੀ ਮੂਰਤੀਆਂ ਮਿਲਦੀਆਂ ਹਨ। ਉਹਨਾਂ ਚੋਂ ਇੱਕ ਮੂਰਤੀ ਸ੍ਰੀ ਦੁਰਗਿਆਣਾ ਤੀਰਥ ਸਥਿਤ ਸ੍ਰੀ ਬੜਾ ਹਨੁਮਾਨ ਮੰਦਰ ਵਿਖੇ ਮਿਲਦੀ ਹੈ, ਇਸ ਤੋਂ ਇਲਾਵਾ ਸ਼੍ਰੀ ਹਨੂੰਮਾਨ ਜੀ ਦੀ ਬੈਠੀ ਮੁੰਦਰਾ 'ਚ ਦੂਜੀ ਮੂਰਤੀ ਸ਼੍ਰੀ ਹਨੂਮਾਨਗੜੀ ਅਯੋਧਿਆ ਵਿਖੇ ਹੈ। ਸੰਸਾਰ 'ਚ ਅਜਿਹੀ ਮੂਰਤੀ ਹੋਰ ਕਿਧਰੇ ਨਹੀਂ ਮਿਲਦੀ ਜਿਸ 'ਚ ਸ਼੍ਰੀ ਹਨੂਮਾਨ ਜੀ ਬੈਠੀ ਮੁਦਰਾ ਚ ਹੋਣ। ਅੰਮ੍ਰਿਤਸਰ ਦਾ ਇਤਿਹਾਸ ਰਮਾਇਣ ਕਾਲ ਨਾਲ ਵੀ ਜੁੜਦਾ ਹੈ ਜਿਸ ਦੀ ਗਵਾਈ ਭਰਦਾ ਹੈ ਇਥੋਂ ਦਾ ਸ੍ਰੀ ਹਨੂੰਮਾਨ ਮੰਦਰ, ਪਿਛਲੇ ਪੁਰਾਤਨ ਸਮੇਂ ਤੋਂ ਅੰਸੂ ਦੇ ਨਰਾਤਿਆਂ ਚ ਲੱਗਣ ਵਾਲਾ ਲੰਗੂਰ ਮੇਲਾ ਵਿਸ਼ਵ ਪ੍ਰਸਿੱਧ ਹੈ। ਨਰਾਤਿਆਂ ਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਇੱਥੇ ਆਪਣੇ ਬੱਚਿਆਂ ਨੂੰ ਲੰਗੂਰ ਦੇ ਪਰਹਾਵੇ ਤੇ ਸਜਾ ਕੇ ਮੱਥਾ ਟੇਕਣ ਲਈ ਲੈ ਕੇ ਆਉਂਦੇ ਹਨ,



ਰਾਮਾਇਣ ਕਾਲ ’ਚ ਜਿਸ ਵੇਲੇ ਪ੍ਰਭੂ ਸ਼੍ਰੀ ਰਾਮ ਜੀ ਨੇ ਅਸ਼ਵਮੇਘ ਯੱਗ ਦਾ ਘੋੜਾ ਛੱਡਿਆ ਤਾਂ ਲਵ ਤੇ ਕੁਸ਼ ਨੇ ਇਸ ਘੋੜੇ ਨੂੰ ਫੜ ਕੇ ਬੋਹੜ ਦੇ ਦਰਖੱਤ ਨਾਲ ਬੰਨ੍ਹਾ ਦਿੱਤਾ। ਇਸ ਨੂੰ ਲੈ ਕੇ ਹੋਏ ਯੁੱਧ ਦੌਰਾਨ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਸੇਵਕ ਸ਼੍ਰੀ ਹਨੂੰਮਾਨ ਜੀ ਵੀ ਇਸ ਸਥਾਨ ’ਤੇ ਪੁੱਜੇ। ਲਵ ਤੇ ਕੁਸ਼ ਨਾਲ ਵਾਰਾਤਾਲਾਪ ਦੌਰਾਨ ਸ਼੍ਰੀ ਹਨੂੰਮਾਨ ਜੀ ਨੂੰ ਅਹਿਸਾਸ ਹੋ ਗਿਆ ਕਿ ਇਹ ਉਨ੍ਹਾਂ ਦੇ ਪ੍ਰਭੂ ਸ਼੍ਰੀ ਰਾਮ ਜੀ ਦੇ ਬੱਚੇ ਹਨ। ਉਨ੍ਹਾਂ ਨੇ ਪਿਆਰ ਵੱਸ ਹੋ ਕੇ ਲਵ ਤੇ ਕੁਸ਼ ਨੂੰ ਕੁਝ ਨਹੀਂ ਕਿਹਾ। ਲਵ ਤੇ ਕੁਸ਼ ਨੇ ਸ਼੍ਰੀ ਹਨੂੰਮਾਨ ਜੀ ਨੂੰ ਬੋਹੜ ਦੇ ਦਰਖਤ ਨਾਲ ਬੰਨ੍ਹ ਦਿੱਤਾ। ਜਦੋਂ ਮਾਤਾ ਸੀਤਾ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਦੌੜੇ-ਦੌੜੇ ਇਸ ਸਥਾਨ ’ਤੇ ਪੁੱਜੇ। ਮਾਤਾ ਸੀਤਾ ਜੀ ਨੇ ਲਵ ਤੇ ਕੁਸ਼ ਨੂੰ ਕਿਹਾ ਕਿ ਸ਼੍ਰੀ ਹਨੂੰਮਾਨ ਜੀ ਉਨ੍ਹਾਂ ਦੇ ਪੁੱਤਰ ਸਮਾਨ ਹਨ। ਇਸ ਲਈ ਉਨ੍ਹਾਂ ਨੂੰ ਖੋਲ੍ਹ ਦਿੱਤਾ ਜਾਵੇ। ਖੋਲ੍ਹੇ ਜਾਣ ਤੋਂ ਬਾਅਦ ਉਹ ਜਿਸ ਸਥਾਨ ’ਤੇ ਆ ਕੇ ਬੈਠੇ, ਉਸ ਸਥਾਨ ’ਤੇ ਬਾਅਦ ’ਚ ਆਪਣੇ-ਆਪ ਉਨ੍ਹਾਂ ਦੀ ਮੂਰਤੀ ਪ੍ਰਗਟ ਹੋ ਗਈ। ਸ਼੍ਰੀ ਹਨੂੰਮਾਨ ਜੀ ਨੂੰ ਜਿਸ ਦਰਖਤ ਨਾਲ ਬੰਨਿਆ ਗਿਆ ਸੀ, ਉਹ ਅੱਜ ਵੀ ਇਥੇ ਮੌਜੂਦ ਹੈ। ਜਿਨ੍ਹਾਂ ਲੋਕਾਂ ਦੇ ਘਰ ਪੁੱਤਰ ਨਹੀੰ ਹੁੰਦਾ, ਉਹ ਇਥੇ ਆ ਕੇ ਬੋਹੜ ਦੇ ਦਰਖੱਤ ਨਾਲ ਮੌਲੀ ਬੰਨ੍ਹ ਕੇ ਪੁੱਤਰ ਪ੍ਰਾਪਤੀ ਦੀ ਮੰਨਤ ਮੰਨਦੇ ਹਨ। ਜਦੋਂ ਉਨ੍ਹਾਂ ਘਰ ਪੁੱਤਰ ਹੋ ਜਾਂਦਾ ਹੈ ਤਾਂ ਉਹ ਬੱਚੇ ਨੂੰ ਅਸੂ ਦੇ ਨਰਾਤਿਆਂ ’ਚ ਦੋ ਸਮੇਂ ਸਵੇਰੇ-ਸ਼ਾਮ ਲੰਗੂਰ ਦੇ ਪਹਿਰਾਵੇ ’ਚ ਸ਼੍ਰੀ ਬੜਾ ਹਨੂੰਮਾਨ ਮੰਦਰ ਵਿਖੇ 10 ਦਿਨ ਮੱਥਾ ਟਿਕਾਉਂਦੇ ਹਨ। ਦੁਸ਼ਹਿਰੇ ਤੋਂ ਅਗਲੇ ਦਿਨ ਇਕਾਦਸ਼ੀ ਵਾਲੇ ਦਿਨ ਪੋਸ਼ਾਕ ਉਸੇ ਥਾਂ ਉਤਾਰੀ ਜਾਂਦੀ ਹੈ, ਜਿਥੇ ਮੌਲੀ ਬੰਨੀ ਸੀ।


ਦੂਰ ਦੁਰਾਡੇ ਤੋਂ ਆਏ ਸ਼ਰਧਾਲੂਆਂ ਲਈ ਖਾਸ ਪ੍ਰਬੰਧ ਕੀਤਾ ਜਾਂਦਾ ਹੈ


ਪੰਡਿਤ ਜੀ ਨੇ ਦੱਸਿਆ ਕਿ ਬੱਚਿਆਂ ਨੂੰ ਲੰਗੂਰ ਬਣਾਉਣ ਲਈ ਜੋ ਸ਼ਰਧਾਲੂ ਵਿਦੇਸ਼, ਦੂਜੇ ਸੂਬਿਆਂ ਜਾਂ ਜ਼ਿਲ੍ਹਿਆਂ ਤੋਂ ਆਉਂਦੇ ਹਨ, ਦੇ ਠਹਿਰਣ ਤੇ ਲੰਗਰ ਦੀ ਵਿਵਸਥਾ ਸ਼੍ਰੀ ਦੁਰਗਿਆਣਾ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ ਕਿ ਸ਼ਰਧਾਲੂਆਂ ਨੂੰ ਇਸ ਦੌਰਾਨ ਕਿਸੇ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।


ਪੰਡਿਤ ਜੀ ਨੇ ਦੱਸਿਆ ਕੀ ਜਿਹੜੇ ਸ਼ਰਧਾਲੂ ਲੋੜਵੰਦ ਹੁੰਦੇ ਹਨ ਤੇ ਆਪਣੇ ਬੱਚੇ ਲਈ ਲੰਗੂਰ ਦੀ ਪੋਸ਼ਾਕ ਨਹੀਂ ਬਣਵਾ ਸਕਦੇ, ਉਨ੍ਹਾਂ ਨੂੰ ਸ਼੍ਰੀ ਦੁਰਗਿਆਣਾ ਕਮੇਟੀ ਵੱਲੋਂ ਮੁਫਤ ’ਚ ਪੋਸ਼ਾਕ ਦਿੱਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਸੰਜੈ ਮਹਿਰਾ ਪਿਛਲੇ 35 ਸਾਲ ਤੋਂ ਲੰਗੂਰ ਮੇਲੇ ਦੀ ਸਾਰੀ ਵਿਵਸਥਾ ਸ਼੍ਰੀ ਦੁਰਗਿਆਣਾ ਕਮੇਟੀ ਦੀ ਅਗਵਾਈ ’ਚ ਵੇਖਦੇ ਆ ਰਹੇ ਹਨ।




ਬੱਚਿਆਂ ਨੂੰ ਲੰਗੂਰ ਬਣਾਉਣ ਦੇ ਨਿਯਮ


ਜਿਹੜੇ ਬੱਚੇ ਲੰਗੂਰ ਬਣਦੇ ਹਨ ਤੇ ਉਨ੍ਹਾਂ ਦੇ ਮਾਤਾ- ਪਿਤਾ ਨੂੰ ਪਹਿਲੇ ਨਰਾਤੇ ਤੋਂ ਦੁਸ਼ਹਿਰੇ ਤਕ ਕੁਝ ਜ਼ਰੂਰੀ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਇਹ ਨਿਯਮ ਇਸ ਪ੍ਰਕਾਰ ਹਨ -



  • ਪਹਿਲੇ ਦਿਨ ਪੂਜਾ ਦਾ ਸਾਮਾਨ, ਮਠਿਆਈ, ਫਲ, ਨਾਰੀਅਲ, ਫੁੱਲਾਂ ਵਾਲਾ ਸਿਹਰਾ ਲੈ ਕੇ ਆਉਣਾ ਜ਼ਰੂਰੀ ਹੈ।

  • ਜ਼ਮੀਨ ’ਤੇ ਸੌਣਾ।

  • ਲੰਗੂਰ ਬਣਨ ਵਾਲੇ ਬੱਚੇ ਤੇ ਮਾਪੇ ਚਮੜੇ ਦੀਆਂ ਜੁੱਤੀਆਂ, ਚੱਪਲ, ਬੈਲਟ ਦੀ ਵਰਤੋਂ ਨਹੀਂ ਕਰ ਸਕਦੇ ਅਤੇ ਨੰਗੇ ਪੈਰੀਂ ਮੰਦਰ ’ਚ ਆਉਣਾ ਜ਼ਰੂਰੀ ਹੈ।

  • ਲੰਗੂਰ ਬਣਨ ਵਾਲੇ ਬੱਚੇ ਨੇ ਇਨ੍ਹਾਂ ਦਿਨਾਂ ’ਚ ਚਾਕੂ ਨਾਲ ਕੱਟੀ ਕੋਈ ਵੀ ਵਸਤੂ ਨਹੀਂ ਖਾਣੀ। ਪਿਆਜ਼, ਲਸਨ, ਸ਼ਰਾਬ ਆਦਿ ਕਿਸੇ ਵੀ ਨਸ਼ੀਲੀ ਵਸਤੂ ਦਾ ਸੇਵਨ ਮਨ੍ਹਾ ਹੈ। ਬ੍ਰਹਮਚਾਰਿਆ ਵਰਤ ਦੀ ਪਾਲਣਾ ਜ਼ਰੂਰੀ ਹੈ।

  • ਦੂਜਿਆਂ ਦੇ ਘਰ ਦੇ ਦਰਵਾਜ਼ੇ ਦੇ ਅੰਦਰ ਨਹੀਂ ਜਾਣਾ।

  • ਦੂਜਿਆਂ ਦੇ ਘਰ ਦਾ ਭੋਜਨ ਨਹੀਂ ਖਾਣਾ।

  • ਸਾਰੇ ਸਰੀਰ ’ਤੇ ਤੇਲ, ਸ਼ੈਪੂ, ਸਾਬਣ ਲਗਾਉਣਾ ਮਨ੍ਹਾ ਹੈ।

  • ਆਪਣੇ ਹੱਥਾਂ ਨਾਲ ਜਾਂ ਸਾਬਣ ਨਾਲ ਕੱਪੜੇ ਧੋਣੇ ਮਨ੍ਹਾ ਹਨ।

  • ਅੱਸੂ ਦੇ ਨਰਾਤਿਆਂ ’ਚ 10 ਦਿਨ ਰੋਜ਼ਾਨਾ ਸ਼੍ਰੀ ਬੜਾ ਹਨੂੰਮਾਨ ਮੰਦਰ ਵਿਖੇ ਦੋਵੇਂ ਸਮੇਂ ਸਵੇਰੇ-ਸ਼ਾਮ ਮੱਥਾ ਟੇਕਣਾ ਜ਼ਰੂਰੀ ਹੈ।

  • ਦੁਸਹਿਰੇ ਦੇ ਅਗਲੇ ਦਿਨ ਏਕਾਦਸ਼ੀ ਨੂੰ ਲੰਗੂਰ ਬਣੇ ਬੱਚਿਆਂ ਦੀ ਪੋਸ਼ਾਕ ਸ਼੍ਰੀ ਬੜਾ ਹਨੂੰਮਾਨ ਮੰਦਰ ਵਿਖੇ ਉਤਾਰੀ ਜਾਵੇਗੀ।