ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀ ਕਾਰਵਾਈ ਜਾਰੀ ਹੈ। ਇਸ ਪੂਰੀ ਕਾਰਵਾਈ ਦਾ ਲਾਈਵ ਟੈਲੀਕਾਸਟ ਵੀ ਕੀਤਾ ਜਾ ਰਿਹਾ ਹੈ। ਜਿਸ 'ਤੇ ਹੁਣ ਵਿਰੋਧੀ ਧਿਰ ਥੋੜੀ ਨਾਰਾਜ਼ ਨਜ਼ਰ ਆ ਰਹੀ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਜਦੋਂ ਉਹ ਬੋਲਦੇ ਹਨ ਤਾਂ ਉਨ੍ਹਾਂ ਨੂੰ ਫੋਕਸ 'ਚ ਨਹੀਂ ਰੱਖਿਆ ਜਾਂਦਾ, ਸਿਰਫ ਆਵਾਜ਼ ਸੁਣ ਕੇ ਪਤਾ ਲਗਦਾ ਹੈ ਕਿ ਕੌਣ ਬੋਲ ਰਿਹਾ ਹੈ।ਜਦਕਿ ਜਦੋਂ 'ਆਪ' ਵਿਧਾਇਕ ਬੋਲਦੇ ਹਨ ਤਾਂ ਉਨ੍ਹਾਂ ਕਲੋਜ਼ ਫੋਕਸ ਹੁੰਦਾ ਹੈ।


ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ, "ਕੱਲ੍ਹ ਹੀ ਮੈਨੂੰ ਕੁਝ ਕਾਂਗਰਸੀ ਵਰਕਰਾਂ ਨੇ ਇਸ ਬਾਰੇ ਦੱਸਿਆ ਸੀ। ਉਹ ਇਸ ਬਾਰੇ ਪਹਿਲਾਂ ਹੀ ਮੁੱਦਾ ਉਠਾ ਚੁੱਕੇ ਹਨ ਕਿ ਲਾਈਵ ਦੌਰਾਨ ਸਿਰਫ਼ ਸੱਤਾਧਾਰੀ ਧਿਰ ਨੂੰ ਹੀ ਨਾ ਦਿਖਾਇਆ ਜਾ ਰਿਹਾ। ਉਹ ਇਸ ਮੁੱਦੇ ਨੂੰ ਸਪੀਕਰ ਕੋਲ ਉਠਾਉਣਗੇ। ਪਾਰਲੀਮੈਂਟ ਟੀਵੀ ਵਾਂਗ ਸਾਰਿਆਂ ਨੂੰ ਬਰਾਬਰ ਦਿਖਾਇਆ ਜਾਣਾ ਚਾਹੀਦਾ ਹੈ।"


 









ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਵਿਧਾਨ ਸਭਾ ਵਿੱਚ ਇਹ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਸਾਡਾ 'ਤੇ ਫੋਕਸ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਨੂੰ ਇਸ ਮਾਮਲੇ ਵਿੱਚ ਦਖਲ ਦੇਣਾ ਚਾਹੀਦਾ ਹੈ। ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ।


ਪੰਜਾਬ ਵਿਧਾਨ ਸਭਾ ਦੀ ਕਾਰਵਾਈ ਇਸ ਵਾਰ ਲਾਈਵ ਦਿਖਾਈ ਜਾ ਰਹੀ ਹੈ। ਇਸ ਦਾ ਪ੍ਰਸਾਰਣ ਪੰਜਾਬ ਸਰਕਾਰ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਕੀਤਾ ਜਾ ਰਿਹਾ ਹੈ। ਇਹ ਸਾਰਾ ਪ੍ਰਬੰਧ ਪੰਜਾਬ ਸਰਕਾਰ ਕੋਲ ਹੀ ਹੈ। ਇਸ ਕਾਰਨ ਵਿਰੋਧੀ ਪਾਰਟੀਆਂ ਸਵਾਲ ਉੱਠਾ ਰਹੀਆਂ ਹਨ।