ਖੰਨਾ: ਪੰਜਾਬ ਦੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦਾ ਉਨ੍ਹਾਂ ਦੇ ਵਿਧਾਨ ਸਭਾ ਹਲਕਾ ਖੰਨਾ ਅੰਦਰ ਵਿਰੋਧ ਦਿਨੋ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਥੋੜ੍ਹੇ ਦਿਨ ਪਹਿਲਾਂ ਜਿੱਥੇ ਲਲਹੇੜੀ ਰੋਡ ਰੇਲਵੇ ਲਾਈਨੋਂ ਪਾਰ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਕੋਟਲੀ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਉੱਥੇ ਹੀ ਸ਼ੁੱਕਰਵਾਰ ਨੂੰ ਅਮਲੋਹ ਰੋਡ ਉਪਰ ਵਾਰਡ ਨੰਬਰ 12 ਵਿੱਚ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਪੁੱਜੇ ਕੋਟਲੀ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਖਿਲਾਫ ਨਾਅਰੇਬਾਜੀ ਹੋਈ।



ਮੰਤਰੀ ਜਿੱਥੇ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਆਏ ਸੀ, ਉੱਥੋਂ ਦੇ ਹਾਲਾਤ ਇਹ ਸੀ ਕਿ ਮੰਤਰੀ ਦੀਆਂ ਗੱਡੀਆਂ ਖੁਦ ਚਿੱਕੜ ਤੋਂ ਬਚਾ ਕੇ ਕੱਢੀਆਂ ਗਈਆਂ। ਇਸ ਦੌਰਾਨ ਕਾਂਗਰਸੀਆਂ ਨੇ ਵਿਰੋਧ ਤੋਂ ਬਚਣ ਲਈ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਇਸ 'ਤੇ ਨਵਾਂ ਵਿਵਾਦ ਛਿੜ ਗਿਆ ਤੇ ਕਾਂਗਰਸੀਆਂ ਉਪਰ ਗੁਰਬਾਣੀ ਦਾ ਅਪਮਾਣ ਕਰਨ ਦਾ ਦੋਸ਼ ਲਾਇਆ ਗਿਆ।

ਦਰਅਸਲ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਸ਼ੁੱਕਰਵਾਰ ਨੂੰ ਵਾਰਡ ਨੰਬਰ 12 ਵਿੱਚ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਗਏ ਸੀ ਤਾਂ ਇੱਥੇ ਕੁਝ ਲੋਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਲੋਕਾਂ ਦਾ ਕਹਿਣਾ ਸੀ ਕਿ ਪਹਿਲਾਂ ਤੋਂ ਬਣੀਆਂ ਗਲੀਆਂ ਤੋੜ ਕੇ ਦੁਬਾਰਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਜਦਕਿ 10 ਮਹੀਨਿਆਂ ਤੋਂ ਪੁੱਟੀਆਂ ਸੜਕਾਂ ਹੁਣ ਤੱਕ ਨਹੀਂ ਬਣਾਈਆਂ ਗਈਆਂ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੀਣ ਦਾ ਪਾਣੀ ਤੱਕ ਨਹੀਂ ਮਿਲ ਰਿਹਾ। ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਵਿਧਾਇਕ ਨੂੰ ਵੀ ਕਈ ਵਾਰ ਕਿਹਾ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ।

ਇਸ ਦੌਰਾਨ ਜਦੋਂ ਲੋਕ ਵਿਰੋਧ ਕਰ ਰਹੇ ਸੀ ਤਾਂ ਮੰਤਰੀ ਕੋਟਲੀ ਦੇ ਨਾਲ ਖੜ੍ਹੇ ਕੌਂਸਲਰ ਗੁਰਮੀਤ ਨਾਗਪਾਲ ਵੱਲੋਂ ਜਾਣਬੁੱਝ ਕੇ ਗੁਰਬਾਣੀ ਦੇ ਸਲੋਕ ਪੜ੍ਹਨੇ ਸ਼ੁਰੂ ਕਰ ਦਿੱਤੇ। ਵਿਰੋਧ ਕਰਨ ਵਾਲੇ ਲੋਕ ਗੁਰਬਾਣੀ ਦੇ ਸਤਿਕਾਰ ਵਜੋਂ ਚੁੱਪ ਹੋ ਗਏ। ਜਦਕਿ, ਗੁਰਬਾਣੀ ਦੇ ਸਲੋਕ ਪੜ੍ਹਦੇ ਸਮੇਂ ਵਧੇਰੇ ਲੋਕ ਨੰਗੇ ਸਿਰ ਖੜ੍ਹੇ ਸੀ ਤੇ ਪੈਰਾਂ ਵਿੱਚ ਜੁੱਤੀਆਂ ਵੀ ਸਨ। ਇਸ ਨੂੰ ਲੈ ਕੇ ਲੋਕਾਂ ਨੇ ਕਿਹਾ ਕਿ ਇਹ ਗੁਰਬਾਣੀ ਦਾ ਅਪਮਾਣ ਹੈ। ਮੰਤਰੀ ਦੇ ਚਹੇਤਿਆਂ ਨੇ ਵਿਰੋਧ ਤੋਂ ਬਚਣ ਲਈ ਗੁਰਬਾਣੀ ਦਾ ਸਹਾਰਾ ਲਿਆ ਜੋ ਬਹੁਤ ਹੀ ਨਿੰਦਣਯੋਗ ਹੈ।

ਦੂਜੇ ਪਾਸੇ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਨੇ ਕਿਹਾ ਕਿ ਵਾਰਡ ਨੰਬਰ 12 ਵਿੱਚ ਸੀਵਰੇਜ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ। ਹੁਣ ਇੰਟਰਲਾਕ ਟਾਈਲਾਂ ਲਾ ਕੇ ਸੜਕਾਂ ਬਣਨੀਆਂ ਹਨ। ਉਨ੍ਹਾਂ ਕਿਹਾ ਕਿ ਜੋ ਵਿਰੋਧ ਹੈ, ਉਹ ਸਿਆਸਤ ਤੋਂ ਪ੍ਰੇਰਿਤ ਹੈ। 


ਇਹ ਵੀ ਪੜ੍ਹੋਡੀਏਪੀ ਮਗਰੋਂ ਯੂਰੀਏ ਦੀ ਕਿੱਲਤ, ਕਿਸਾਨਾਂ ਨੂੰ ਕਣਕ ਦਾ ਝਾੜ ਘਟਣ ਦਾ ਖਦਸ਼ਾ


https://play.google.com/store/


 


https://apps.apple.com/in/app/811114904