ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਅੰਦਰ ਖ਼ਤਰਨਾਕ ਪੱਧਰ 'ਤੇ ਫੈਲ ਚੁੱਕੇ 'ਡਰੱਗ ਮਾਫ਼ੀਆ' ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਖ਼ੂਬ ਰਗੜੇ ਲਾਏ। 'ਆਪ' ਨੇ ਕਿਹਾ ਕਿ ਸਰਕਾਰ ਡਰੱਗ ਮਾਫ਼ੀਆ ਦਾ ਲੱਕ ਤੋੜਨ 'ਚ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ। ਉਲਟਾ ਬੇਖ਼ੌਫ ਡਰੱਗ ਮਾਫ਼ੀਆ ਸਰਕਾਰ ਦਾ ਲੱਕ ਤੋੜ ਰਿਹਾ ਹੈ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ 15 ਦਿਨਾਂ ਦੌਰਾਨ ਇਕੱਲੇ ਮਾਝੇ 'ਚ ਹੀ ਪੁਲਿਸ ਪਾਰਟੀਆਂ 'ਤੇ ਕਈ ਹਮਲੇ ਹੋ ਚੁੱਕੇ ਹਨ। ਤਰਨ ਤਾਰਨ ਬਾਈਪਾਸ 'ਤੇ ਵਾਪਰੀ ਬੇਹੱਦ ਦੁਖਦਾਇਕ ਘਟਨਾ 'ਚ ਪੰਜਾਬ ਪੁਲਿਸ ਦੇ ਇੱਕ ਜਵਾਨ ਦਾ 'ਸ਼ਹੀਦ' ਹੋਣਾ ਇਸ ਦੀ ਤਾਜ਼ਾ ਮਿਸਾਲ ਹੈ।

ਇਸ ਤੋਂ ਪਹਿਲਾਂ ਚੋਗਾਵਾਂ (ਮਜੀਠਾ) 'ਚ ਡਰੱਗ ਮਾਫ਼ੀਆ ਨੇ ਪੁਲਿਸ ਅਫ਼ਸਰ ਦੀ ਜਿਸ ਤਰੀਕੇ ਨਾਲ ਕੁੱਟਮਾਰ ਕੀਤੀ ਸੀ, ਉਸ ਤੋਂ ਸਾਫ਼ ਹੈ ਕਿ ਡਰੱਗ ਮਾਫ਼ੀਆ ਪੂਰੀ ਤਰ੍ਹਾਂ ਬੇਖ਼ੌਫ ਹੈ ਤੇ ਪੁਲਿਸ ਫੋਰਸ ਭਾਰੀ ਦਬਾਅ ਥੱਲੇ ਕੰਮ ਕਰ ਰਹੀ ਹੈ। ਸੂਬੇ ਦੇ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਨਿਭਾਅ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਸ਼ਾ ਤਸਕਰੀ 'ਚ ਸ਼ਾਮਲ ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਦੀ ਇੱਛਾ ਸ਼ਕਤੀ ਪੂਰੀ ਗਵਾ ਚੁੱਕੇ ਹਨ। ਕੁਝ ਰਸੂਖਵਾਨ ਪਰਿਵਾਰਾਂ ਨਾਲ ਕੈਪਟਨ ਦੀ 'ਦੋਸਤੀ' ਦੀ ਕੀਮਤ ਪੰਜਾਬ ਦੇ ਲੱਖਾਂ ਨੌਜਵਾਨ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਚੁਕਾਉਣੀ ਪੈ ਰਹੀ ਹੈ।

ਚੀਮਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਹੱਥ 'ਚ ਸ੍ਰੀ ਗੁਟਕਾ ਸਾਹਿਬ ਫੜ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਨਸ਼ਾ ਮਾਫ਼ੀਆ ਨੂੰ ਚਾਰ ਹਫ਼ਤਿਆਂ 'ਚ ਖ਼ਤਮ ਕਰਨ ਦੀ ਸਹੁੰ ਖਾਣ ਵਾਲੇ ਕੈਪਟਨ ਡਰੱਗ ਮਾਫ਼ੀਆ ਦਾ ਲੱਕ ਨਹੀਂ ਤੋੜ ਸਕਿਆ, ਉਲਟਾ ਡਰੱਗ ਮਾਫ਼ੀਆ ਰੋਜ਼ਾਨਾ ਸਰਕਾਰ ਤੇ ਪੁਲਸ ਫੋਰਸ ਦਾ ਲੱਕ ਤੋੜ ਰਿਹਾ ਹੈ। ਇਸ ਲਈ ਕੈਪਟਨ ਨੂੰ ਬਤੌਰ ਗ੍ਰਹਿ ਮੰਤਰੀ ਤੁਰੰਤ ਅਸਤੀਫ਼ਾ ਦੇ ਕੇ ਇਹ ਅਹਿਮ ਜ਼ਿੰਮੇਵਾਰੀ ਕਿਸੇ ਹੋਰ ਜ਼ਿੰਮੇਵਾਰ ਤੇ ਸੰਜੀਦਾ ਵਿਅਕਤੀ ਨੂੰ ਸੌਂਪ ਦੇਣੀ ਚਾਹੀਦੀ ਹੈ।

ਧਾਲੀਵਾਲ ਨੇ ਕਿਹਾ ਕਿ ਡਰੱਗ ਤਸਕਰਾਂ ਵੱਲੋਂ ਸ਼ਹੀਦ ਕੀਤੇ ਹੌਲਦਾਰ ਗੁਰਦੀਪ ਸਿੰਘ ਦੇ ਪਰਿਵਾਰ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰ੍ਹਾਂ ਇੱਕ ਕਰੋੜ ਰੁਪਏ ਦੀ ਨਕਦ ਵਿੱਤੀ ਸਹਾਇਤਾ ਤੇ ਪਰਿਵਾਰ ਦੇ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।