ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਲੀਡਰ ਪੀ.ਚਿਦੰਬਰਮ ਨੇ ਪੰਜਾਬ 'ਚ ਕੇਂਦਰੀ ਖੇਤਰੀ ਕਾਨੂੰਨਾਂ ਨੂੰ ਬੇਅਸਰ ਕਰਨ ਦੇ ਮਕਸਦ ਤਹਿਤ 'ਚ ਚਾਰ ਬਿੱਲ ਪਾਸ ਕਰਦੇ ਸਮੇਂ ਵਿਧਾਨ ਸਭਾ 'ਚ ਬੀਜੇਪੀ ਵਿਧਾਇਕਾਂ ਦੀ ਗੈਰਹਾਜ਼ਰੀ ਨੂੰ ਲੈਕੇ ਸਵਾਲ ਖੜੇ ਕੀਤੇ। ਉਨ੍ਹਾਂ ਇਲਜ਼ਾਮ ਲਾਇਆ ਕਿ ਸਿਆਸੀ ਤੌਰ 'ਤੇ ਇਸ ਨੂੰ ਕਾਇਰਤਾਪੂਰਵਕ ਹਰਕਤ ਕਿਹਾ ਜਾ ਸਕਦਾ ਹੈ।
ਉਨ੍ਹਾਂ ਟਵੀਟ ਕੀਤਾ ਕਿ ਜਦੋਂ ਸਦਨ ਸੂਬਾ ਸਰਕਾਰ ਵੱਲੋਂ ਲਿਆਂਦੇ ਕਾਨੂੰਨਾਂ 'ਤੇ ਵਿਚਾਰ ਕਰ ਰਿਹਾ ਸੀ ਤਾਂ ਬੀਜੇਪੀ ਦੇ ਵਿਧਾਇਕ ਪੰਜਾਬ ਵਿਧਾਨ ਸਭਾ ਤੋਂ ਦੂਰ ਕਿਉਂ ਰਹੇ?
ਚਿਦੰਬਰਮ ਨੇ ਕਿਹਾ, 'ਜੇਕਰ ਬੀਜੇਪੀ ਦੇ ਵਿਧਾਇਕ ਸੰਸਦ ਵੱਲੋਂ ਪਾਸ ਕੇਂਦਰ ਦੀਆਂ ਨੀਤੀਆਂ ਤੇ ਖੇਤੀ ਕਾਨੂੰਨਾਂ ਦਾ ਸਮਰਥਨ ਕਰਦੇ ਹਨ ਤਾਂ ਉਨ੍ਹਾਂ ਨੂੰ ਵਿਧਾਨ ਸਭਾ ਦੀ ਕਾਰਵਾਈ 'ਚ ਹਿੱਸਾ ਲੈਣਾ ਚਾਹੀਦਾ ਸੀ ਤੇ ਸੂਬਾ ਸਰਕਾਰ ਦੇ ਬਿੱਲਾਂ ਦਾ ਵਿਰੋਧ ਕਰਨਾ ਚਾਹੀਦਾ ਸੀ।'
ਉਨ੍ਹਾਂ ਇਲਜ਼ਾਮ ਲਾਇਆ, 'ਪੰਜਾਬ ਦੇ ਬੀਜੇਪੀ ਵਿਧਾਇਕਾਂ ਨੇ ਜੋ ਕੀਤਾ, ਉਸ ਨੂੰ ਸਿਆਸੀ ਤੌਰ 'ਤੇ ਕਾਇਰਤਾਪੂਰਵਕ ਹਰਕਤ ਕਿਹਾ ਜਾ ਸਕਦਾ ਹੈ।'
ਪੰਜਾਬ ਵਿਧਾਨ ਸਭਾ ਨੇ ਮੰਗਲਵਾਰ ਚਾਰ ਬਿੱਲ ਸਰਵਸੰਮਤੀ ਨਾਲ ਪਾਸ ਕਰਨ ਦੇ ਨਾਲ ਹੀ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਇਕ ਪ੍ਰਸਤਾਵ ਵੀ ਪਾਸ ਕੀਤਾ। ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਨੇ ਇਨ੍ਹਾਂ ਬਿੱਲਾਂ ਦਾ ਸਮਰਥਨ ਕੀਤਾ। ਹਾਲਾਂਕਿ ਇਸ ਦੌਰਾਨ ਬੀਜੇਪੀ ਦੇ ਵਿਧਾਇਕ ਸਦਨ 'ਚ ਗੈਰਾਹਜ਼ਰ ਰਹੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ